2 ਧਿਰਾਂ ਦੀ ਮਾਮੂਲੀ ਤਕਰਾਰ ਦੌਰਾਨ ਨੌਜਵਾਨ ਦਾ ਕਤਲ

ਊਧਨਵਾਲ, 23 ਜੂਨ (ਪ੍ਰਗਟ ਸਿੰਘ)-ਪੁਲਿਸ ਚੌਕੀ ਊਧਨਵਾਲ ਅਧੀਨ ਪੈਂਦੇ ਪਿੰਡ ਮਧਰੇ ਵਿਚ ਦੋ ਧਿਰਾਂ ਦੀ ਮਾਮੂਲੀ ਤਕਰਾਰ ਵਿਚ ਇਕ ਵਿਅਕਤੀ ਦਾ ਕਤਲ ਹੋਣ ਦੀ ਖਬਰ ਆਈ ਹੈ। ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਊਧਨਵਾਲ ਦੇ ਇੰਚਾਰਜ ਏ. ਐਸ. ਆਈ. ਸਤਨਾਮ ਸਿੰਘ ਅਤੇ ਥਾਣਾ ਘੁਮਾਣ ਤੋਂ ਐਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਪਿੰਡ ਮਧਰੇ ਵਿਚ 2 ਧਿਰਾਂ ਤਰਸੇਮ ਸਿੰਘ ਪੁੱਤਰ ਕੁੰਨਣ ਅਤੇ ਜੋਬਨਜੀਤ ਸਿੰਘ ਪੁੱਤਰ ਹਰਵੰਤ ਸਿੰਘ ਦਾ ਆਪਸ ਵਿਚ ਮਾਮੂਲੀ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ। ਗੱਲ ਇੰਨੀ ਜ਼ਿਆਦਾ ਵਧ ਗਈ ਕਿ ਤਰਸੇਮ ਸਿੰਘ ਅਤੇ ਉਸ ਦੇ ਪੁੱਤਰ ਸੁਖਪਿੰਦਰ ਸਿੰਘ, ਬਲਜਿੰਦਰ ਕੌਰ ਪਤਨੀ ਤਰਸੇਮ, ਰੋਬਿਨਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ, ਜੋਬਨਜੀਤ ਸਿੰਘ ਦੇ ਘਰ ਅੱਗੇ ਆ ਕੇ ਗਾਲੀ-ਗਲੋਚ ਕਰਨ ਲੱਗ ਪਏ। ਇਨ੍ਹਾਂ ਨੂੰ ਰੋਕਣ ਲਈ ਜੋਬਨਜੀਤ ਸਿੰਘ ਅੱਗੇ ਵਧਿਆ ਤੇ ਤਰਸੇਮ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦਾਤਰ ਅਤੇ ਲੱਕੜ ਦੇ ਡੰਡਿਆਂ ਨਾਲ ਜੋਬਨਜੀਤ ਸਿੰਘ ਨੂੰ ਕੁੱਟਿਆ ਅਤੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜੋਬਨਜੀਤ ਦੀ ਪਤਨੀ ਅਮਨਦੀਪ ਕੌਰ ਅਤੇ ਉਸ ਦੇ ਬੱਚਿਆਂ ਨੇ ਬਚਾਅ ਲਈ ਰੌਲਾ ਪਾਇਆ। ਇਸ ਦੌਰਾਨ ਤਰਸੇਮ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਉਥੋਂ ਚਲੇ ਗਏ। ਅਮਨਦੀਪ ਕੌਰ ਨੇ ਜੋਬਨਜੀਤ ਸਿੰਘ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ। ਸੱਟਾਂ ਜ਼ਿਆਦਾ ਹੋਣ ਕਾਰਨ ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਨੇ ਉਸ ਨੂੰ ਸ੍ਰੀ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ, ਉਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਏ. ਐਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਦੇ ਬਿਆਨਾਂ ਉਤੇ ਥਾਣਾ ਘੁਮਾਣ ਵਿਚ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਹੈ।