ਪੰਜਾਬ ਪੁਲਿਸ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਮਾਮਲੇ ’ਚ ਦਿੱਤੀ ਕਲੀਨ ਚਿੱਟ-ਸੂਤਰ

ਮੋਹਾਲੀ, 28 ਜੂਨ (ਕਪਿਲ ਵਧਵਾ)- ਪੰਜਾਬ ਪੁਲਿਸ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਅਤੇ ਉਨ੍ਹਾਂ ਦੇ ਓ.ਐਸ.ਡੀ. ਪ੍ਰਦੀਪ ਕੁਮਾਰ ਨੂੰ 2022 ਵਿਚ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ ਹੈ। ਪੰਜਾਬ ਪੁਲਿਸ ਨੇ ਅਦਾਲਤ ਵਿਚ ਕਲੋਜ਼ਰ ਰਿਪੋਰਟ ਦਾਇਰ ਕੀਤੀ ਹੈ। ਸੂਤਰਾਂ ਅਨੁਸਾਰ ਇਸ ਰਿਪੋਰਟ ਦੇ ਵਿਚ ਸਾਬਕਾ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਪਰ ਇਸ ਰਿਪੋਰਟ ਨੂੰ ਅਦਾਲਤ ਵਲੋਂ ਮਨਜ਼ੂਰ ਕੀਤੇ ਜਾਣਾ ਬਾਕੀ ਹੈ। ਕਿਉਂਕਿ ਪਿਛਲੀਆਂ ਤਰੀਕਾਂ ਨੂੰ ਸਰਕਾਰੀ ਵਕੀਲ ਵਲੋਂ ਇਸ ਮਾਮਲੇ ’ਤੇ ਬਹਿਸ ਨਹੀਂ ਹੋ ਸਕੀ। ਇਸ ਕਰਕੇ ਇਸ ਮਾਮਲੇ ਦੀ ਅਗਲੀ ਸੁਣਵਾਈ 14 ਜੁਲਾਈ ਨੂੰ ਕੀਤੀ ਜਾਵੇਗੀ। ਇਸ ਮਾਮਲੇ ਵਿਚ ਸ਼ਿਕਾਇਤਕਰਤਾ ਰਾਜਿੰਦਰ ਸਿੰਘ, ਜੋ ਕਿ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਵਿਚ ਡੈਪੂਟੇਸ਼ਨ ’ਤੇ ਸਰਕਾਰੀ ਇੰਜੀਨੀਅਰ ਹੈ, ਨੇ ਕਲੋਜ਼ਰ ਰਿਪੋਰਟ ਨਾਲ ਸਹਿਮਤੀ ਪ੍ਰਗਟਾਈ ਹੈ। ਦੱਸਣਯੋਗ ਹੈ ਕਿ ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਉਸ ਨੂੰ ਪੰਜਾਬ ਭਵਨ ਬੁਲਾਇਆ ਗਿਆ ਸੀ ਅਤੇ ਉਸ ਤੋਂ 2 ਪ੍ਰਤੀਸ਼ਤ ਕਮਿਸ਼ਨ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੇ ਸਿੰਗਲਾ ਨੂੰ ਕੈਬਨਿਟ ਤੋਂ ਬਰਖ਼ਾਸਤ ਕਰ ਦਿੱਤਾ ਸੀ।