ਜਮਸ਼ੇਦਪੁਰ ਵਿਚ ਭਾਰੀ ਮੀਂਹ ਕਾਰਨ ਸਕੂਲ ਡੁੱਬਿਆ, ਰਾਤ ਭਰ ਛੱਤ 'ਤੇ 162 ਬੱਚੇ ਫਸੇ ਰਹੇ

ਰਾਂਚੀ, 29 ਜੂਨ - ਝਾਰਖੰਡ ਦੇ ਪੂਰਬੀ ਸਿੰਘਭੂਮ (ਜਮਸ਼ੇਦਪੁਰ) ਜ਼ਿਲ੍ਹੇ ਦੇ ਕੋਵਾਲੀ ਥਾਣਾ ਖੇਤਰ ਵਿਚ ਲਗਾਤਾਰ ਮੀਂਹ ਕਾਰਨ ਇਕ ਨਿੱਜੀ ਰਿਹਾਇਸ਼ੀ ਸਕੂਲ ਵਿਚ ਪਾਣੀ ਭਰ ਗਿਆ। ਇਸ ਕਾਰਨ ਇੱਥੇ ਹੋਸਟਲ ਵਿਚ ਰਹਿਣ ਵਾਲੇ ਕੁੱਲ 162 ਬੱਚੇ ਫਸ ਗਏ। ਐਤਵਾਰ ਨੂੰ ਪੁਲਿਸ-ਪ੍ਰਸ਼ਾਸਨ ਦੀ ਟੀਮ ਨੇ ਕਿਸ਼ਤੀਆਂ ਅਤੇ ਰੱਸੀਆਂ ਦੀ ਮਦਦ ਨਾਲ ਸਾਰੇ ਬੱਚਿਆਂ ਨੂੰ ਬਚਾਇਆ। ਇਸ ਤੋਂ ਬਾਅਦ ਸਥਾਨਕ ਹਸਪਤਾਲ ਵਿਚ ਸਾਰੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ। ਸ਼ਨੀਵਾਰ ਦੇਰ ਰਾਤ ਲਗਾਤਾਰ ਹੋ ਰਹੀ ਮੋਹਲੇਧਾਰ ਮੀਂਹ ਕਾਰਨ ਸਥਾਨਕ ਗੁਦਰਾ ਨਦੀ ਦਾ ਪਾਣੀ ਅਚਾਨਕ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਿਆ। ਪੰਦਰਸ਼ੂਲੀ ਪਿੰਡ ਵਿਚ ਨਦੀ ਦਾ ਪਾਣੀ ਦਾਖ਼ਲ ਹੋਣ ਕਾਰਨ ਇੱਥੇ ਸਥਿਤ ਲਵ ਕੁਸ਼ ਇੰਗਲਿਸ਼ ਸਕੂਲ ਦਾ ਹੋਸਟਲ ਡੁੱਬ ਗਿਆ। ਸਕੂਲ ਦੇ ਹੋਸਟਲ ਵਿਚ 162 ਬੱਚੇ ਸੌਂ ਰਹੇ ਸਨ। ਜਦੋਂ ਪਾਣੀ ਤੇਜ਼ੀ ਨਾਲ ਅੰਦਰ ਦਾਖ਼ਲ ਹੋਇਆ ਤਾਂ ਸਾਰੇ ਬੱਚਿਆਂ ਨੂੰ ਛੱਤ 'ਤੇ ਪਨਾਹ ਲੈਣੀ ਪਈ। ਬੱਚੇ ਰਾਤ ਭਰ ਡਰ ਅਤੇ ਦਹਿਸ਼ਤ ਦੇ ਮਾਹੌਲ ਵਿਚ ਫਸੇ ਰਹੇ। ਜਦੋਂ ਪਿੰਡ ਵਾਸੀਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ।