JALANDHAR WEATHER

ਪਿਸਤੌਲ ਦੀ ਨੋਕ 'ਤੇ ਚਾਰ ਲੁਟੇਰੇ ਕਾਰ ਖੋਹ ਕੇ ਫਰਾਰ

ਖਮਾਣੋਂ, 3 ਜੁਲਾਈ (ਮਨਮੋਹਣ ਸਿੰਘ ਕਲੇਰ)-ਪਿੰਡ ਲਖਣਪੁਰ ਦੇ ਗੇਟ ਸਾਹਮਣੇ ਤੋਂ ਚਾਰ ਕਾਰ ਸਵਾਰ ਲੁਟੇਰੇ ਪਿਸਤੌਲ ਦੀ ਨੋਕ ‘ਤੇ ਇਕ ਵਰਨਾ ਗੱਡੀ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਜ਼ੋਰਾਵਰ ਸਿੰਘ ਵਾਸੀ ਪਿੰਡ ਜਟਾਣਾ ਨੀਵਾਂ ਥਾਣਾ ਖਮਾਣੋਂ ਨੇ ਕਿਹਾ ਕਿ ਬੀਤੀ ਰਾਤ ਉਹ ਮੋਰਿੰਡਾ ਦਾਣਾ ਮੰਡੀ ਤੋਂ ਮੱਕੀ ਦੀ ਫਸਲ ਸੁਕਾ ਕੇ ਆਪਣੇ ਟਰੈਕਟਰ-ਟਰਾਲੀ ‘ਤੇ ਲੱਦ ਕੇ ਲਿਆ ਰਹੇ ਸਨ ਤੇ ਆਪਣੇ ਪਿੰਡ ਜਟਾਣਾ ਨੀਵਾਂ ਆ ਗਏ ਜਦੋਂਕਿ ਉਸ ਦਾ ਭਰਾ ਪ੍ਰਭਜੋਤ ਸਿੰਘ ਵਾਸੀ ਪਿੰਡ ਜਟਾਣਾ ਨੀਵਾਂ ਵਰਨਾ ਕਾਰ ਰਾਹੀਂ ਪਿੱਛੇ-ਪਿੱਛੇ ਆ ਰਹੇ ਸਨ ਤਾਂ ਉਸ ਦੀ ਕਾਰ 4 ਲੁਟੇਰਿਆਂ ਨੇ ਖੋਹ ਲਈ ਤੇ ਫਰਾਰ ਹੋ ਗਏ। ਇਹ ਘਟਨਾ ਬੀਤੀ ਰਾਤ ਮੁੱਖ ਮਾਰਗ ‘ਤੇ 11.35 ਵਜੇ ਪਿੰਡ ਲਖਣਪੁਰ ਦੇ ਗੇਟ ਸਾਹਮਣੇ ਵਾਪਰੀ। ਬ੍ਰੇਜਾ ਸਵਾਰ ਲੁਟੇਰਿਆਂ ਨੇ ਗੱਡੀ ਦਾ ਪਿੱਛਾ ਕੀਤਾ, ਜਿਸ ‘ਚ ਚਾਰ ਲੁਟੇਰੇ ਸਮੇਤ ਚਾਲਕ ਸਵਾਰ ਸੀ ਜਿਨ੍ਹਾਂ ‘ਚੋਂ ਤਿੰਨ ਜਣਿਆਂ ਕੋਲ ਪਿਸਤੌਲ ਸਨ ਜਿਨ੍ਹਾਂ ਨੇ ਗੱਡੀ ‘ਚੋਂ ਉਤਰਦੇ ਹੀ ਕਾਰ ਵਿਚ ਬੈਠੇ ਮਜ਼ਦੂਰਾਂ ਦੇ ਪੈਰਾਂ ‘ਚ ਫਾਇਰ ਮਾਰੇ ਅਤੇ ਬਾਕੀ ਦੋ ਗੱਡੀ ‘ਚ ਸੁੱਤੇ ਪਏ ਮਜ਼ਦੂਰਾਂ ਨੂੰ ਜਬਰੀ ਗੱਡੀ ‘ਚ ਗਾਲ੍ਹਾਂ ਕੱਢ ਕੇ ਲਾਹੁਣ ਲੱਗੇ ਅਤੇ ਇਸ ਦੌਰਾਨ ਇਕ ਨੇ ਮੇਰੇ ਚਾਲਕ ਭਰਾ, ਜੋ ਗੱਡੀ ‘ਚ ਹੀ ਬੈਠਾ ਸੀ, ਉਤੇ ਪਿਸਤੌਲ ਤਾਣ ਕੇ ਗੱਡੀ ਵਿਚੋਂ ਬਾਹਰ ਆਉਣ ਲਈ ਕਿਹਾ, ਜਦੋਂਕਿ ਇਕ ਹੋਰ ਲੁਟੇਰੇ ਨੇ ਮਜ਼ਦੂਰਾਂ ਵੱਲ ਪਿਸਤੌਲ ਤਾਣੀ ਰੱਖੀ। ਇਸ ਉਪਰੰਤ ਲੁਟੇਰੇ ਗੱਡੀ ਸਮਰਾਲਾ ਵੱਲ ਨੂੰ ਲੈ ਗਏ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਵਾਰਦਾਤ ਵਾਲੀ ਜਗ੍ਹਾ ‘ਤੇ ਪਹੁੰਚ ਕੇ ਜਾਇਜ਼ਾ ਲੈਣ ਉਪਰੰਤ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ