ਈ.ਡੀ. ਨੇ ਔਕਟਾਐਫਐਕਸ ਫਾਰੇਕਸ ਟ੍ਰੇਡਿੰਗ ਘੁਟਾਲੇ ਵਿਚ 131.45 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

ਮੁੰਬਈ , 3 ਜੁਲਾਈ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਮੁੰਬਈ ਜ਼ੋਨਲ ਟੀਮ ਨੇ ਔਕਟਾਐਫਐਕਸ ਫਾਰੇਕਸ ਟ੍ਰੇਡਿੰਗ ਘੁਟਾਲੇ ਦੀ ਜਾਂਚ ਦੇ ਸੰਬੰਧ ਵਿਚ ਲਗਭਗ 131.45 ਕਰੋੜ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਇਨ੍ਹਾਂ ਜਾਇਦਾਦਾਂ ਵਿਚ ਸਪੇਨ ਵਿੱਚ ਇਕ ਲਗਜ਼ਰੀ ਯਾਟ, ਇਕ ਮਿੰਨੀ ਜੈੱਟ ਬੋਟ, ਇਕ ਲਗਜ਼ਰੀ ਕਾਰ ਅਤੇ ਸਪੇਨ ਵਿਚ 2 ਰਿਹਾਇਸ਼ੀ ਘਰ ਸ਼ਾਮਿਲ ਹਨ। ਇਹ ਸਾਰੀਆਂ ਜਾਇਦਾਦਾਂ ਪਾਵੇਲ ਪ੍ਰੋਜ਼ੋਰੋਵ ਦੀਆਂ ਹਨ, ਜਿਸ ਨੂੰ ਔਕਟਾਐਫਐਕਸ ਪਲੇਟਫਾਰਮ ਦਾ ਮਾਸਟਰਮਾਈਂਡ ਕਿਹਾ ਜਾਂਦਾ ਹੈ।
ਔਕਟਾਐਫਐਕਸ ਇਕ ਗ਼ੈਰ-ਕਾਨੂੰਨੀ ਫਾਰੇਕਸ ਟ੍ਰੇਡਿੰਗ ਪਲੇਟਫਾਰਮ ਹੈ, ਜਿਸ ਦਾ ਪ੍ਰਚਾਰ ਸੋਸ਼ਲ ਮੀਡੀਆ, ਆਈ.ਪੀ.ਐਲ. ਅਤੇ ਕੁਝ ਮਸ਼ਹੂਰ ਹਸਤੀਆਂ ਦੁਆਰਾ ਕੀਤਾ ਗਿਆ ਸੀ। ਧੋਖਾਧੜੀ ਨੂੰ ਲੁਕਾਉਣ ਲਈ ਇਸ ਦੀਆਂ ਵੈੱਬਸਾਈਟਾਂ ਅਤੇ ਲੌਗਇਨ ਨੂੰ ਵਾਰ-ਵਾਰ ਬਦਲਿਆ ਗਿਆ ਸੀ। ਈ.ਡੀ. ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਔਕਟਾਐਫਐਕਸ ਨੇ ਜਾਅਲੀ ਈ-ਕਾਮਰਸ ਕੰਪਨੀਆਂ ਦੇ ਨਾਂਅ 'ਤੇ ਬੈਂਕ ਖਾਤੇ ਖੋਲ੍ਹੇ ਸਨ, ਜਿਨ੍ਹਾਂ ਦੇ ਡਾਇਰੈਕਟਰ ਵੀ ਜਾਅਲੀ ਸਨ ਅਤੇ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਗਈ ਸੀ।
ਇਨ੍ਹਾਂ ਖਾਤਿਆਂ ਰਾਹੀਂ ਜਨਤਾ ਤੋਂ ਪੈਸਾ ਇਕੱਠਾ ਕੀਤਾ ਜਾਂਦਾ ਸੀ ਅਤੇ ਫਿਰ ਵਿਦੇਸ਼ੀ ਖਾਤਿਆਂ ਵਿਚ ਭੇਜਿਆ ਜਾਂਦਾ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸਿਰਫ਼ 9 ਮਹੀਨਿਆਂ ਵਿਚ, ਔਕਟਾਐਫਐਕਸ ਨੇ ਭਾਰਤ ਵਿਚ ਲਗਭਗ ₹ 800 ਕਰੋੜ ਦੀ ਧੋਖਾਧੜੀ ਕੀਤੀ। ਇਹ ਪੈਸਾ ਸਪੇਨ, ਐਸਟੋਨੀਆ, ਰੂਸ, ਹਾਂਗਕਾਂਗ, ਸਿੰਗਾਪੁਰ, ਯੂ.ਏ.ਈ. ਅਤੇ ਯੂ.ਕੇ. ਦੀਆਂ ਕੰਪਨੀਆਂ ਨੂੰ ਜਾਅਲੀ ਸੇਵਾਵਾਂ ਦੇ ਆਯਾਤ ਦੇ ਨਾਂਅ 'ਤੇ ਟ੍ਰਾਂਸਫਰ ਕੀਤਾ ਗਿਆ ਸੀ, ਜੋ ਪਾਵੇਲ ਪ੍ਰੋਜ਼ੋਰੋਵ ਦੇ ਨਿਯੰਤਰਣ ਅਧੀਨ ਹਨ।