JALANDHAR WEATHER

ਭਾਰਤ vs ਇੰਗਲੈਂਡ ਟੈਸਟ 2 ਦਿਨ 5 : ਬਰਮਿੰਘਮ ਟੈਸਟ 'ਚ ਭਾਰਤ ਦੀ ਇਤਿਹਾਸਕ ਜਿੱਤ

ਗਿੱਲ ਦੀ ਕਪਤਾਨੀ 'ਚ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ
ਬਰਮਿੰਘਮ, 6 ਜੁਲਾਈ (ਏਜੰਸੀ) -ਇੰਗਲੈਂਡ ਦੇ ਬਰਮਿੰਘਮ 'ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੌਰਾਨ ਭਾਰਤ ਨੇ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ | ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ 'ਚ ਭਾਰਤ ਨੇ ਬਰਮਿੰਘਮ 'ਚ ਪਹਿਲੀ ਵਾਰ ਜਿੱਤ ਦਰਜ ਕੀਤੀ ਹੈ | ਭਾਰਤ ਨੇ ਪਹਿਲੀ ਪਾਰੀ 'ਚ 587 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ 407 ਦੌੜਾਂ 'ਤੇ ਆਊਟ ਕਰਕੇ 180 ਦੌੜਾਂ ਦੀ ਵੱਡੀ ਲੀਡ ਹਾਸਿਲ ਕੀਤੀ | ਭਾਰਤ ਨੇ ਸ਼ੁਭਮਨ ਗਿੱਲ ਦੇ ਸੈਂਕੜੇ ਦੀ ਮਦਦ ਨਾਲ ਦੂਜੀ ਪਾਰੀ
6 ਵਿਕਟਾਂ 'ਤੇ 427 ਦੌੜਾਂ 'ਤੇ ਐਲਾਨੀ ਤੇ ਇੰਗਲੈਂਡ ਦੇ ਸਾਹਮਣੇ 608 ਦੌੜਾਂ ਦਾ ਟੀਚਾ ਰੱਖਿਆ, ਜਿਸ ਨਾਲ ਕੁੱਲ 607 ਦੌੜਾਂ ਦੀ ਲੀਡ ਹਾਸਲ ਹੋ ਗਈ | ਇੰਗਲੈਂਡ ਦੀ ਦੂਜੀ ਪਾਰੀ 5ਵੇਂ ਦਿਨ 271 ਦੌੜਾਂ 'ਤੇ ਆਲਆਊਟ ਹੋ ਗਈ | ਜਿਸ ਨਾਲ ਭਾਰਤ ਨੇ ਲੜੀ ਨੂੰ 1-1 ਨਾਲ ਬਰਾਬਰ ਕਰ ਦਿੱਤਾ | ਪੰਜਵੇਂ ਦਿਨ ਦੀ ਖੇਡ ਮੀਂਹ ਕਾਰਨ ਦੇਰ ਨਾਲ ਸ਼ੁਰੂ ਹੋਈ | ਭਾਰਤ ਲਈ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਤੇ ਦੂਜੀ ਪਾਰੀ 'ਚ ਕੁੱਲ 6 ਵਿਕਟਾਂ ਹਾਸਿਲ ਕੀਤੀਆਂ | ਆਕਾਸ਼ ਤੋਂ ਇਲਾਵਾ, ਮੁਹੰਮਦ ਸਿਰਾਜ, ਪ੍ਰਸਿਧ ਕਿ੍ਸ਼ਨਾ, ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੂੰ ਇਕ-ਇਕ ਵਿਕਟ ਮਿਲੀ | ਇੰਗਲੈਂਡ ਨੇ 5ਵੇਂ ਦਿਨ ਦੀ ਸ਼ੁਰੂਆਤ 3 ਵਿਕਟਾਂ 'ਤੇ 72 ਦੌੜਾਂ ਤੋਂ ਕੀਤੀ | ਸ਼ੁਰੂਆਤ 'ਚ ਹੀ ਆਕਾਸ਼ ਦੀਪ ਨੇ ਇੰਗਲੈਂਡ ਨੂੰ 2 ਝਟਕੇ ਦੇ ਦਿੱਤੇ ਤੇ ਓਲੀ ਪੋਪ (24) ਤੇ ਹੈਰੀ ਬਰੂਕ (23) ਦੀਆਂ ਵਿਕਟਾਂ ਹਾਸਿਲ ਕੀਤੀਆਂ | ਇਸ ਤੋਂ ਬਾਅਦ, ਬੇਨ ਸਟੋਕਸ ਨੇ ਜੈਮੀ ਸਮਿਥ ਨਾਲ ਮਿਲ ਕੇ ਪਾਰੀ ਦੀ ਕਮਾਨ ਸੰਭਾਲੀ ਜਿਸ ਨੂੰ ਵਾਸ਼ਿੰਗਟਨ ਸੁੰਦਰ ਨੇ ਸਟੋਕਸ ਨੂੰ ਆਊਟ ਕਰਕੇ ਤੋੜ ਦਿੱਤਾ | ਸਟੋਕਸ ਦੀ ਵਿਕਟ ਡਿੱਗਦੇ ਹੀ ਲੰਚ ਬ੍ਰੇਕ ਦਾ ਐਲਾਨ ਕਰ ਦਿੱਤਾ ਗਿਆ | ਪ੍ਰਸਿਧ ਕਿ੍ਸ਼ਨ ਨੇ ਕਿ੍ਸ ਵੋਕਸ ਨੂੰ ਆਊਟ ਕਰਕੇ ਭਾਰਤ ਨੂੰ 7ਵੀਂ ਸਫਲਤਾ ਦਿਵਾਈ ਹੈ | ਵੋਕਸ ਅਤੇ ਜੈਮੀ ਸਮਿਥ ਵਿਚਕਾਰ ਸੱਤਵੀਂ ਵਿਕਟ ਲਈ 46 ਦੌੜਾਂ ਦੀ ਸਾਂਝੇਦਾਰੀ ਹੋਈ | ਭਾਰਤੀ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਜੈਮੀ ਸਮਿਥ ਦੀ ਵਿਕਟ ਲੈ ਕੇ ਭਾਰਤ ਨੂੰ 8ਵੀਂ ਸਫਲਤਾ ਦਿਵਾਈ | ਇਸ ਮਗਰੋਂ ਰਵਿੰਦਰ ਜਡੇਜਾ ਨੇ ਜੋਸ਼ ਟੰਗ ਨੂੰ ਆਊਟ ਕਰਕੇ ਭਾਰਤ ਨੂੰ 9ਵੀਂ ਸਫਲਤਾ ਦਿਵਾਈ | ਫਿਰ ਆਖਰੀ ਵਿਕਟ ਲਈ ਬ੍ਰਾਇਡਨ ਕਾਰਸੇ ਨੂੰ ਆਕਾਸ਼ ਦੀਪ ਨੇ ਆਊਟ ਕਰਕੇ ਭਾਰਤ ਨੂੰ ਜਿੱਤ ਦਾ ਜਾਮਾ ਪਹਿਨਾਇਆ |
ਭਾਰਤ ਨੇ ਟੈਸਟ ਮੈਚਾਂ 'ਚ ਦੌੜਾਂ ਦੇ ਮਾਮਲੇ 'ਚ ਆਪਣੀ ਚੌਥੀ ਸਭ ਤੋਂ ਵੱਡੀ ਜਿੱਤ ਹਾਸਿਲ ਕੀਤੀ
ਇਹ ਬਰਮਿੰਘਮ 'ਚ ਭਾਰਤ ਲਈ ਇਕ ਇਤਿਹਾਸਕ ਜਿੱਤ ਹੈ ਕਿਉਂਕਿ ਟੀਮ ਨੇ ਇੱਥੇ ਪਹਿਲਾਂ ਕਦੇ ਕੋਈ ਟੈਸਟ ਮੈਚ ਨਹੀਂ ਜਿੱਤਿਆ ਸੀ | ਵਿਦੇਸ਼ਾਂ 'ਚ ਦੌੜਾਂ ਦੇ ਮਾਮਲੇ 'ਚ ਇਹ ਟੈਸਟ ਮੈਚਾਂ 'ਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ | ਇਸ ਤੋਂ ਪਹਿਲਾਂ ਭਾਰਤ ਨੇ 2016 'ਚ ਨੌਰਥ ਸਾਊਾਡ 'ਚ ਵੈਸਟਇੰਡੀਜ਼ ਵਿਰੁੱਧ ਮੈਚ 318 ਦੌੜਾਂ ਨਾਲ ਜਿੱਤਿਆ ਸੀ | ਇਸ ਦੇ ਨਾਲ ਹੀ, ਦੌੜਾਂ ਦੇ ਮਾਮਲੇ 'ਚ ਇਹ ਟੈਸਟ ਮੈਚਾਂ 'ਚ ਕੁੱਲ ਚੌਥੀ ਸਭ ਤੋਂ ਵੱਡੀ ਜਿੱਤ ਹੈ | ਗਿੱਲ ਨੂੰ ਉਸਦੀ ਸ਼ਾਨਦਾਰ ਪਾਰੀ ਲਈ ਪਲੇਅਰ ਆਫ਼ ਦ ਮੈਚ ਚੁਣਿਆ ਗਿਆ ਹੈ |
ਅਸੀਂ ਹਰ ਢੰਗ ਅਜ਼ਮਾਇਆ-ਬੈਨ ਸਟੋਕਸ
ਮੈਚ ਮਗਰੋਂ ਇੰਗਲੈਂਡ ਦੇ ਕਪਤਾਨ ਬੈਨ ਸਟੋਕਸ ਦਾ ਬਿਆਨ ਸਾਹਮਣੇ ਆਇਆ | ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਗਿਆ, ਸਥਿਤੀ ਭਾਰਤ ਦੇ ਹੱਕ 'ਚ ਹੋਣ ਲੱਗੀ | ਅਸੀਂ ਹਰ ਢੰਗ ਅਜ਼ਮਾਇਆ, ਯੋਜਨਾਵਾਂ ਬਦਲੀਆਂ, ਜੋ ਵੀ ਅਸੀਂ ਕਰ ਸਕਦੇ ਸੀ ਕੀਤਾ, ਪਰ ਜਦੋਂ ਕੋਈ ਟੀਮ ਤੁਹਾਡੇ 'ਤੇ ਹਾਵੀ ਹੋ ਜਾਂਦੀ ਹੈ, ਤਾਂ ਲੈਅ 'ਚ ਵਾਪਸ ਆਉਣਾ ਮੁਸ਼ਕਲ ਹੁੰਦਾ ਹੈ | ਖਾਸ ਕਰਕੇ ਜਦੋਂ ਤੁਸੀਂ ਇਕ ਵਿਸ਼ਵ ਪੱਧਰੀ ਟੀਮ ਦਾ ਸਾਹਮਣਾ ਕਰ ਰਹੇ ਹੁੰਦੇ ਹੋ | ਸ਼ੁਭਮਨ ਨੇ ਸ਼ਾਨਦਾਰ ਖੇਡਿਆ | ਇਹ ਇਕ ਅÏਖਾ ਮੈਚ ਸੀ |
ਇੰਗਲੈਂਡ ਦੇ ਬੱਲੇਬਾਜ਼ਾਂ ਦਾ ਫਲਾਪ ਪ੍ਰਦਰਸ਼ਨ
ਇੰਗਲੈਂਡ ਦੇ ਬੱਲੇਬਾਜ਼ ਇਸ ਦੌਰਾਨ ਬੱਲੇਬਾਜ਼ੀ ਲਈ ਆਸਾਨ ਪਿੱਚ 'ਤੇ ਫਲਾਪ ਸਾਬਤ ਹੋਏ | ਆਈ.ਸੀ.ਸੀ. ਰੈਂਕਿੰਗ ਦੇ ਨੰਬਰ-1 ਟੈਸਟ ਬੱਲੇਬਾਜ਼ ਜੋ ਰੂਟ ਪਹਿਲੀ ਪਾਰੀ 'ਚ ਸਿਰਫ਼ 22 ਦੌੜਾਂ ਤੇ ਦੂਜੀ ਵਿੱਚ ਸਿਰਫ਼ 6 ਦੌੜਾਂ ਹੀ ਬਣਾ ਸਕੇ | ਟੀਮ ਦੇ 6 ਬੱਲੇਬਾਜ਼ ਪਹਿਲੀ ਪਾਰੀ 'ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ | ਹੈਰੀ ਬਰੂਕ ਤੇ ਜੈਮੀ ਸਮਿਥ ਨੇ ਸੈਂਕੜੇ ਲਗਾਏ ਤੇ 303 ਦੌੜਾਂ ਦੀ ਸਾਂਝੇਦਾਰੀ ਕੀਤੀ | ਕੋਈ ਹੋਰ ਬੱਲੇਬਾਜ਼ 25 ਦੌੜਾਂ ਵੀ ਨਹੀਂ ਬਣਾ ਸਕਿਆ | ਇੰਗਲੈਂਡ ਦੇ ਬੱਲੇਬਾਜ਼ ਦੂਜੀ ਪਾਰੀ 'ਚ ਵੀ ਫਲਾਪ ਸਾਬਤ ਹੋਏ | ਓਪਨਰ ਜੈਕ ਕਰੌਲੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ | ਬੇਨ ਡਕੇਟ ਅਤੇ ਜੋ ਰੂਟ ਚੌਥੇ ਦਿਨ ਹੀ ਪੈਵੇਲੀਅਨ ਪਰਤ ਗਏ | ਇੰਗਲੈਂਡ ਨੂੰ ਮੈਚ ਡਰਾਅ ਕਰਨ ਲਈ 5ਵੇਂ ਦਿਨ ਸਿਰਫ਼ 80 ਓਵਰ ਬੱਲੇਬਾਜ਼ੀ ਕਰਨੀ ਪਈ, ਪਰ ਆਖਰੀ ਦਿਨ ਟੀਮ ਨੇ ਸਿਰਫ਼ 21 ਓਵਰਾਂ 'ਚ ਹੀ ਪਹਿਲੀਆਂ 4 ਵਿਕਟਾਂ ਗੁਆ ਦਿੱਤੀਆਂ | ਸਮਿਥ ਨੇ ਦੂਜੀ ਪਾਰੀ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ 88 ਦੌੜਾਂ ਬਣਾਈਆਂ, ਪਰ ਉਸਨੂੰ ਕੋਈ ਸਹਿਯੋਗ ਨਹੀਂ ਮਿਲਿਆ | ਜਿਵੇਂ ਹੀ ਉਹ ਗਿਆ, ਟੀਮ ਆਲ ਆਊਟ ਹੋ ਗਈ |

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ