ਕੈਨੇਡਾ ਦੇ ਪੰਜਾਬੀ ਪਹਿਲਵਾਨਾਂ ਨੇ ਪੀਰੂ 'ਚ ਜਿੱਤੇ 5 ਤਗਮੇ

ਐਬਟਸਫੋਰਡ, 13 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਪੀਰੂ ਦੀ ਰਾਜਧਾਨੀ ਲੀਮਾ ਵਿਖੇ ਹੋਏ ਪੈਨ-ਅਮਰੀਕਨ ਚੈਂਪੀਅਨਸ਼ਿਪ 20 ਸਾਲ ਤੋਂ ਘੱਟ ਉਮਰ ਦੇ ਲੜਕੇ ਤੇ ਲੜਕੀਆਂ ਦੇ ਕੁਸ਼ਤੀ ਮੁਕਾਬਲਿਆਂ 'ਚ ਕੈਨੇਡਾ ਦੇ 5 ਪੰਜਾਬੀ ਪਹਿਲਵਾਨਾਂ ਨੇ 5 ਤਗਮੇ ਜਿੱਤੇ ਹਨ | ਕੈਨੇਡਾ ਵਲੋਂ 20 ਪਹਿਲਵਾਨਾਂ ਨੇ ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿਚ ਹਿੱਸਾ ਲਿਆ ਸੀ | ਜਿਨ੍ਹਾਂ 'ਚ 5 ਪੰਜਾਬੀ ਪਹਿਲਵਾਨ ਰੁਪਿੰਦਰ ਕੌਰ ਜੌਹਲ, ਰੋਹਿਤ ਬੱਲ, ਮਾਈਕਲਜੀਤ ਸਿੰਘ ਗਰੇਵਾਲ, ਤੇਜਵੀਰ ਸਿੰਘ ਢੀਂਡਸਾ ਤੇ ਚਰਨਜੋਤ ਸਿੰਘ ਕੰਗ ਪੀਰੂ ਗਏ ਸਨ ਤੇ ਪੰਜੇ ਪਹਿਲਵਾਨਾਂ ਨੇ ਤਗਮੇ ਜਿੱਤ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ | 76 ਕਿੱਲੋਵਰਗ ਲੜਕੀਆਂ ਦੇ ਕੁਸ਼ਤੀ ਮੁਕਾਬਲੇ ਵਿਚ ਜ਼ਿਲ੍ਹਾ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਨੇੜਲੇ ਪਿੰਡ ਮੰਡਿਆਣੀ ਦੇ ਬਲਰਾਜ ਸਿੰਘ ਜੌਹਲ ਦੀ ਹੋਣਹਾਰ ਧੀ ਰੁਪਿੰਦਰ ਕੌਰ ਜੌਹਲ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ | ਜਦਕਿ 86 ਕਿੱਲੋਵਰਗ ਕੁਸ਼ਤੀ ਮੁਕਾਬਲੇ ਵਿਚ ਕੈਨੇਡੀਅਨ ਮੱਲ ਰੈਸਲਿੰਗ ਕਲੱਬ ਦੇ ਪਹਿਲਵਾਨ ਰੋਹਿਤ ਬੱਲ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ | 92 ਕਿੱਲੋਵਰਗ ਕੁਸ਼ਤੀ ਮੁਕਾਬਲੇ ਵਿਚ ਬਰਨਬੀ ਮਾਊਾਟੇਨ ਰੈਸਲਿੰਗ ਕਲੱਬ ਦੇ ਪਹਿਲਵਾਨ ਮਾਈਕਲਜੀਤ ਗਰੇਵਾਲ, 97 ਕਿੱਲੋਵਰਗ 'ਚ ਇਸੇ ਕਲੱਬ ਦੇ ਪਹਿਲਵਾਨ ਤੇਜਵੀਰ ਢੀਂਡਸਾ ਅਤੇ 125 ਕਿੱਲੋਗ੍ਰਾਮ ਕੁਸ਼ਤੀ ਮੁਕਾਬਲੇ 'ਚ ਪਹਿਲਵਾਨ ਚਰਨਜੋਤ ਸਿੰਘ ਕੰਗ ਨੇ ਚਾਂਦੀ ਦੇ ਤਗਮੇ ਜਿੱਤੇ ਹਨ |