ਸੰਜੇ ਵਰਮਾ ਕਤਲ ਕਾਂਡ ਵਿਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਮੱਧ ਪ੍ਰਦੇਸ਼ ਤੋਂ ਕੀਤਾ ਕਾਬੂ

ਅਬੋਹਰ, 16 ਜੁਲਾਈ (ਸੰਦੀਪ ਸੋਖਲ)- ਸੰਜੇ ਵਰਮਾ ਕਤਲ ਕਾਂਡ ਨਾਲ ਸੰਬੰਧਿਤ ਦੋ ਵਿਅਕਤੀਆਂ ਨੂੰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪਿਅੰਜਲ ਸ਼ਰਮਾ ਪੁੱਤਰ ਵਿਨੋਦ ਸ਼ਰਮਾ ਜ਼ਿਲ੍ਹਾ ਸਾਜਾਪੁਰ ਐਮ.ਪੀ. ਅਤੇ ਅੰਸ਼ੂਮਨ ਤਿਵਾੜੀ ਪੁੱਤਰ ਓਮ ਪ੍ਰਕਾਸ਼ ਤਿਵਾੜੀ ਦੋਨਾਂ ਵਿਅਕਤੀਆਂ ਦੇ ਖਾਤਿਆਂ ਵਿਚ ਬਾਹਰੋਂ ਫੰਡਿੰਗ ਆਈ ਸੀ ਤੇ ਲਗਭਗ ਇਕ ਲੱਖ 30 ਹਜ਼ਾਰ ਰਕਮ ਇਨ੍ਹਾਂ ਵਲੋਂ ਸ਼ੂਟਰਾਂ ਨੂੰ ਨਗਦ ਦਿੱਤੀ ਗਈ ਸੀ।
ਦੱਸ ਦੇਈਏ ਕਿ 7 ਜੁਲਾਈ ਨੂੰ ਦਿਨ-ਦਿਹਾੜੇ ਕੁਝ ਅਣਪਛਾਤੇ ਹਮਲਾਵਰਾਂ ਨੇ ਮਸ਼ਹੂਰ ਕਪੜਾ ਕਾਰੋਬਾਰੀ ਸੰਜੇ ਵਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕਾਰੋਬਾਰੀ ਦੇ ਕਤਲ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਇਹ ਕਤਲ ਉਸ ਸਮੇਂ ਕੀਤਾ ਗਿਆ ਜਦੋਂ ਉਹ ਦੁਕਾਨ ਦੇ ਬਾਹਰ ਕਾਰ ਤੋਂ ਉਤਰ ਰਿਹਾ ਸੀ। ਲਾਰੈਂਸ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਕਤਲ ਦੀ ਸੀ.ਸੀ.ਟੀ.ਵੀ. ਵੀ ਸਾਹਮਣੇ ਆਈ ਸੀ, ਜਿਸ ਵਿਚ ਦੇਖਿਆ ਜਾ ਸਕਦਾ ਸੀ ਕਿ ਕਤਲ ਕਰਨ ਤੋਂ ਬਾਅਦ ਬਦਮਾਸ਼ ਕਾਰ ਵਿਚ ਭੱਜ ਰਹੇ ਸਨ।