ਪਾਤੜਾਂ : ਕਰੰਟ ਨਾਲ ਮਰੀਆਂ 3 ਲੜਕੀਆਂ ਨੂੰ ਪੰਜਾਬ ਸਰਕਾਰ ਵਲੋਂ 12 ਲੱਖ ਦਿੱਤਾ ਜਾਵੇਗਾ ਮੁਆਵਜ਼ਾ - ਵਿਧਾਇਕ ਕੁਲਵੰਤ ਸਿੰਘ ਬਾਜੀਗਰ
ਪਾਤੜਾਂ, 16 ਜੁਲਾਈ (ਗੁਰਇਕਬਾਲ ਸਿੰਘ ਖਾਲਸਾ)-ਪਾਤੜਾਂ ਵਿਖੇ ਅੱਜ ਕਰੰਟ ਨਾਲ ਇਕੋ ਪਰਿਵਾਰ ਦੀਆਂ ਤਿੰਨ ਨਾਬਾਲਿਗ ਲੜਕੀਆਂ ਦੀ ਹੋਈ ਮੌਤ ਉਤੇ ਪੰਜਾਬ ਸਰਕਾਰ ਵਲੋਂ 12 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਦੱਸਿਆ ਕਿ ਅੱਜ ਪਾਤੜਾਂ ਵਿਖੇ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿਚ ਪ੍ਰਵਾਸੀ ਮਜ਼ਦੂਰ ਦੇ ਇਕ ਪਰਿਵਾਰ ਦੀਆਂ ਤਿੰਨੋਂ ਲੜਕੀਆਂ ਦੀ ਹੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਇਹ ਦਰਦਨਾਕ ਘਟਨਾ ਪਰਿਵਾਰ ਲਈ ਅਤੇ ਸਮੁੱਚੇ ਹਲਕੇ ਲਈ ਅਸਹਿ ਹੈ ਅਤੇ ਇਸ ਘਟਨਾ ਨਾਲ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਦੁਖੀ ਪਰਿਵਾਰ ਨਾਲ ਹਰਮਦਰਦੀ ਪ੍ਰਗਟ ਕਰਦਿਆਂ 4 ਲੱਖ ਰੁਪਏ ਪ੍ਰਤੀ ਬੱਚਾ ਮੁਆਵਜ਼ਾ ਪਰਿਵਾਰ ਨੂੰ ਦਿੱਤਾ ਜਾਵੇਗਾ। ਇਸ ਮੌਕੇ ਇਥੇ ਉਪ ਮੰਡਲ ਮੈਜਿਸਟਰੇਟ ਪਾਤੜਾਂ ਅਸ਼ੋਕ ਕੁਮਾਰ ਵੀ ਹਾਜ਼ਰ ਸਨ।