ਕਿਸਾਨੀ ਮਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਮੁਲਾਕਾਤ ਲਈ ਗਏ
ਚੰਡੀਗੜ੍ਹ, 16 ਜੁਲਾਈ (ਸੰਦੀਪ ਸਿੰਘ)-ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਾਮ ਦਿੱਲੀ 'ਚ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਮੁਲਾਕਾਤ ਕਰਨਗੇ। ਇਸ ਮੀਟਿੰਗ ਵਿਚ ਕਿਸਾਨਾਂ ਨਾਲ ਜੁੜੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ। ਪਹਿਲਾ ਮੁੱਦਾ ਪੰਜਾਬ ਦੇ ਗਡਾਊਨਾਂ ਵਿਚੋਂ ਰੋਜ਼ਾਨਾ 10-12 ਮੈਟਰਿਕ ਟਨ ਅਨਾਜ ਦੀ ਲਿਫਟਿੰਗ ਕਰਵਾਉਣ ਦਾ ਹੋ ਸਕਦਾ ਹੈ ਕਿਉਂਕਿ ਜੇ ਲਿਫਟਿੰਗ ਨਹੀਂ ਹੋਈ ਤਾਂ ਖਰੀਦ ਦੇ ਸੀਜ਼ਨ ਵਿਚ ਪੂਰੀ ਪ੍ਰਕਿਰਿਆ ਖਰਾਬ ਹੋ ਸਕਦੀ ਹੈ।
ਇਸ ਦੇ ਨਾਲ ਹੀ ਅਨਾਜ ਦੀ ਲਿਫਟਿੰਗ ਦੀ ਰਫ਼ਤਾਰ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਟਰੇਨਾਂ ਦੀ ਮੰਗ ਵੀ ਰੱਖ ਸਕਦੇ ਹਨ।ਪੰਜਾਬ 'ਚ ਐਫ.ਸੀ.ਆਈ. ਦੇ 46 ਲੱਖ ਟਨ ਭੰਡਾਰਨ ਸਮਰੱਥਾ ਵਾਲੇ ਨਵੇਂ ਗਡਾਊਨ ਤਿਆਰ ਹਨ ਪਰ ਹੁਣ ਤੱਕ ਕੇਂਦਰ ਵਲੋਂ ਉਨ੍ਹਾਂ ਨੂੰ ਚਲਾਉਣ ਦੀ ਮਨਜ਼ੂਰੀ ਨਹੀਂ ਮਿਲੀ। ਉਥੇ ਪਿਛਲੇ ਸਾਲ ਆੜ੍ਹਤੀਆਂ ਦੀ ਕਮਿਸ਼ਨ ਵਧਾਉਣ ਦੀ ਮੰਗ ਕੀਤੀ ਗਈ ਸੀ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ। ਕਿਸਾਨਾਂ ਦੀ ਫ਼ਸਲ ਖਰੀਦਣ ਵਿਚ ਇਸ ਸੀਜ਼ਨ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਏ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੀ ਆਵਾਜ਼ ਬਣ ਕੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਮਿਲਣ ਪਹੁੰਚੇ ਹਨ।