ਜ਼ਿਮਨੀ ਪੰਚਾਇਤੀ ਚੋਣ ਸੰਬੰਧੀ ਬੀ.ਡੀ.ਪੀ.ਓ. ਦਫਤਰ ਤਾਰਸਿਕਾ ਵਲੋਂ ਉਮੀਦਵਾਰਾਂ ਨੂੰ ਲੋੜੀਂਦੇ ਦਸਤਾਵੇਜ਼ ਨਾ ਦੇਣ 'ਤੇ ਰੋਸ

ਤਾਰਸਿਕਾ, 16 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)-ਬਲਾਕ ਤਾਰਸਿਕਾ ਅਧੀਨ ਪੈਂਦੇ ਹਲਕਾ ਮਜੀਠਾ ਦੇ ਪਿੰਡ ਕਲੇਰ ਬਾਲਾ ਵਿਚ ਕੋਈ ਨਾਮਜ਼ਦਗੀ ਦਾਖਲ ਨਾ ਹੋਣ ਕਰਕੇ ਇਸ ਪਿੰਡ ਦੀ ਪੰਚਾਇਤ ਨਾ ਬਣ ਸਕੀ ਅਤੇ ਹੁਣ ਪੰਜਾਬ ਸਰਕਾਰ ਵਲੋਂ ਪੰਚਾਇਤਾਂ ਦੀਆਂ ਜ਼ਿਮਨੀ ਚੋਣਾਂ ਦੇ ਐਲਾਨ ਪਿੱਛੋਂ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 17 ਜੁਲਾਈ ਰੱਖੀ ਗਈ ਹੈ, ਜਿਸ ਦੇ ਚਲਦੀਆਂ ਅੱਜ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਦਾ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਦਫਤਰ ਵਲੋਂ ਉਪਰੋਕਤ ਪਿੰਡ ਦੇ ਉਮੀਦਵਾਰਾਂ ਨੂੰ ਸਾਰਾ ਦਿਨ ਇੰਤਜ਼ਾਰ ਕਰਵਾਉਣ ਪਿੱਛੋਂ ਨਾਮਜ਼ਦਗੀ ਫਾਈਲ ਵਿਚ ਲੋੜੀਂਦੇ ਚੁੱਲਾ ਟੈਕਸ ਰਸੀਦ ਅਤੇ ਐਨ.ਓ.ਸੀ. ਨਾ ਦਿੱਤੇ ਤਾਂ ਪਿੰਡ ਵਾਸੀਆਂ ਵਲੋਂ ਰੋਸ ਵਜੋਂ ਬਲਾਕ ਦਫਤਰ ਵਿਚ ਧਰਨਾ ਲਗਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸਰਪੰਚ ਉਮੀਦਵਾਰ ਤੇ ਸਾਬਕਾ ਚੇਅਰਮੈਨ ਮੇਜਰ ਸਿੰਘ ਕਲੇਰ ਵਲੋ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਲਾਕ ਦਫਤਰ ਵਿਚ ਇਹ ਧਰਨਾ ਪੂਰੀ ਰਾਤ ਰਹੇਗਾ ਤੇ ਸਮੂਹ ਧਰਨਾਕਾਰੀ ਬੀ.ਡੀ.ਪੀ.ਓ. ਦਫਤਰ ਤਾਰਸਿਕਾ ਵਿਖੇ ਰਾਤ ਗੁਜ਼ਾਰਨਗੇ। ਇਸ ਦੌਰਾਨ ਹਰਬੰਸ ਸਿੰਘ, ਮੰਗਲ ਸਿੰਘ, ਲਵਪ੍ਰੀਤ ਸਿੰਘ, ਬਲਕਾਰ ਸਿੰਘ, ਤਰਲੋਕ ਸਿੰਘ, ਲੰਬੜਦਾਰ ਸਰਬਜੀਤ ਸਿੰਘ, ਪ੍ਰਗਟ ਸਿੰਘ ਆਦਿ ਮੋਹਤਬਰ ਹਾਜ਼ਰ ਸਨ।