JALANDHAR WEATHER

ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਬਿਨਾਂ ਕਿਸੇ ਦੇਰੀ ਤੋਂ ਪਵਿੱਤਰ ਸਥਾਨ ਦਾ ਦਰਜਾ ਦੇਣ ਵਾਲਾ ਸਰਕਾਰ ਨੋਟੀਫ਼ਿਕੇਸ਼ਨ ਜਾਰੀ ਕਰੇ- ਹਵਾਰਾ ਕਮੇਟੀ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ. ਐਸ. ਨਿੱਕੂਵਾਲ)-ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕ ਪੱਤਰਕਾਰ ਮਿਲਣੀ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ ਜਾਵੇ। ਕਮੇਟੀ ਦੇ ਮੁਖੀ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸੰਵਿਧਾਨਿਕ ਤੌਰ ਉਤੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇਗਾ ਪਰ ਸਾਢੇ ਤਿੰਨ ਸਾਲ ਬੀਤਣ ਦੇ ਬਾਵਜੂਦ ਇਹ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਵਸਾਉਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਵਸ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਦਾ 450ਵਾਂ ਦਿਵਸ ਆਉਣ ਵਾਲਾ ਹੈ ਅਤੇ ਸੂਬਾ ਸਰਕਾਰ ਬਿਨਾਂ ਦੇਰੀ ਤੋਂ ਇਨ੍ਹਾਂ ਸਮਾਗਮਾਂ ਤੋਂ ਪਹਿਲਾਂ ਇਨ੍ਹਾਂ ਦੋਵਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਵੇ। ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ 27 ਜੁਲਾਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਰੋਸ ਮਾਰਚ ਕੱਢਿਆ ਜਾਵੇਗਾ, ਜਿਸ ਦਾ ਉਦੇਸ਼ ਸੁੱਤੀ ਪਈ ਸਰਕਾਰ ਨੂੰ ਜਗਾਉਣਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ 'ਆਪ' ਸਰਕਾਰ ਪਵਿੱਤਰ ਸ਼ਹਿਰ ਐਲਾਨਣ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਇਨ੍ਹਾਂ ਨੂੰ ਸ਼ਤਾਬਦੀਆਂ ਮਨਾਉਣ ਦਾ ਵੀ ਕੋਈ ਹੱਕ ਨਹੀਂ ਹੈ। ਇਸ ਮੌਕੇ ਬਾਪੂ ਗੁਰਚਰਨ ਸਿੰਘ ਮਹਾਂਵੀਰ ਸਿੰਘ ਸੁਲਤਾਨਵਿੰਡ, ਬੇਅੰਤ ਸਿੰਘ ਭਰਾਤਾ ਜਨਰਲ ਸੁਬੇਗ ਸਿੰਘ, ਸਤਨਾਮ ਸਿੰਘ ਖੰਡਾ, ਐਡਵੋਕੇਟ ਜਸਬੀਰ ਸਿੰਘ ਜੰਮੂ, ਰਘਬੀਰ ਸਿੰਘ ਭੁੱਚਰ, ਬਲਵੀਰ ਸਿੰਘ ਹਿਸਾਰ ਆਦਿ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ