ਪਾਕਿਸਤਾਨ ਦੇ ਪੰਜਾਬ ਸੂਬੇ 'ਚ ਮੀਂਹ ਨਾਲ ਹੁਣ ਤਕ 24 ਲੋਕਾਂ ਦੀ ਮੌਤ

ਲਾਹੌਰ, 16 ਜੁਲਾਈ-ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਸੂਬੇ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਹੈ ਅਤੇ 150 ਤੋਂ ਵੱਧ ਜ਼ਖਮੀ ਹੋਏ ਹਨ, ਜਿਸ ਨਾਲ ਇਸ ਸੀਜ਼ਨ ਵਿਚ ਪਾਕਿਸਤਾਨ ਭਰ ਵਿਚ ਕੁੱਲ ਮਰਨ ਵਾਲਿਆਂ ਦੀ ਗਿਣਤੀ 140 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾਹੌਰ ਅਤੇ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਵਿਚ ਰਾਤ ਭਰ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਅਤੇ ਵੀਰਵਾਰ ਤੱਕ ਮੀਂਹ ਜਾਰੀ ਰਹਿਣ ਦੀ ਉਮੀਦ ਹੈ। ਲਾਹੌਰ ਵਿਚ, ਰਾਤ ਨੂੰ ਤੂਫ਼ਾਨ ਕਾਰਨ ਛੱਤ ਡਿੱਗਣ ਦੀਆਂ ਤਿੰਨ ਘਟਨਾਵਾਂ ਵਿਚ 12 ਲੋਕਾਂ ਦੀ ਮੌਤ ਹੋ ਗਈ। ਇਸ ਵਿਚ ਸ਼ਹਿਰ ਦੇ ਠੋਕਰ ਨਿਆਜ਼ ਬੇਗ ਖੇਤਰ ਵਿਚ ਛੋਟੀਆਂ ਕੁੜੀਆਂ ਸਮੇਤ ਇਕੋ ਪਰਿਵਾਰ ਦੇ ਪੰਜ ਮੈਂਬਰ ਸ਼ਾਮਿਲ ਹਨ। ਪੰਜਾਬ ਦੇ ਰੈਸਕਿਊ 1122 ਦੇ ਬੁਲਾਰੇ ਨੇ ਇਹ ਕਿਹਾ।
ਫੈਸਲਾਬਾਦ ਵਿਚ ਤਿੰਨ ਲੋਕਾਂ ਦੀ ਜਾਨ ਚਲੀ ਗਈ, ਜਦੋਂਕਿ ਪਾਕਪਟਨ ਵਿਚ ਇਕ ਔਰਤ ਅਤੇ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਛੱਤ ਡਿੱਗਣ ਕਾਰਨ ਸ਼ੇਖੂਪੁਰਾ, ਭਾਕਰ, ਬਹਾਵਲਨਗਰ ਅਤੇ ਸ਼ਾਹਕੋਟ ਵਿਚ ਇਕ-ਇਕ ਮੌਤ ਦੀ ਰਿਪੋਰਟ ਮਿਲੀ ਹੈ ਜਦੋਂਕਿ ਓਕਾਰਾ ਵਿਚ ਦੋ ਕਿਸ਼ੋਰਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨ.ਡੀ.ਐਮ.ਏ.) ਜੋ ਕਿ ਮੀਂਹ ਨਾਲ ਸਬੰਧਤ ਨੁਕਸਾਨਾਂ 'ਤੇ ਨਜ਼ਰ ਰੱਖ ਰਹੀ ਹੈ, ਨੇ ਕਿਹਾ ਕਿ 26 ਜੂਨ ਤੋਂ ਬਾਅਦ ਅਜਿਹੀਆਂ ਘਟਨਾਵਾਂ ਵਿਚ ਕੁੱਲ 116 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਦੇਸ਼ ਵਿਚ ਮੌਨਸੂਨ ਦੀ ਪਹਿਲੀ ਬਾਰਿਸ਼ ਹੋਈ ਸੀ।
ਐਨ.ਡੀ.ਐਮ.ਏ. ਅਨੁਸਾਰ, 116 ਮੌਤਾਂ ਵਿਚੋਂ 44 ਪੰਜਾਬ ਵਿਚ, 37 ਖੈਬਰ ਪਖਤੂਨਖਵਾ (ਕੇ.ਪੀ.), 18 ਸਿੰਧ, 16 ਬਲੋਚਿਸਤਾਨ ਅਤੇ ਇਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਦਰਜ ਕੀਤੀ ਗਈ ਹੈ। ਇਸ ਦੌਰਾਨ, ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਅਤੇ ਅਧਿਕਾਰੀਆਂ ਨੂੰ ਸਹੀ ਬਚਾਅ ਕਾਰਜਾਂ ਨੂੰ ਸੁਚਾਰੂ ਬਣਾਉਣ ਦੇ ਨਿਰਦੇਸ਼ ਦਿੱਤੇ।