ਜਸਪ੍ਰੀਤ ਕੌਰ ਸੁੰਨੜ ਬਿ੍ਟਿਸ਼ ਕੋਲੰਬੀਆ ਦੀ ਕੈਬਨਿਟ ਮੰਤਰੀ ਬਣੀ

ਐਬਟਸਫੋਰਡ/ਸਰੀ, 18 ਜੁਲਾਈ (ਗੁਰਦੀਪ ਸਿੰਘ ਗਰੇਵਾਲ, ਸੰਦੀਪ ਸਿੰਘ ਧੰਜੂ)-ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਈਬੀ ਨੇ ਅੱਜ ਆਪਣੇ ਮੰਤਰੀ ਮੰਡਲ ਵਿਚ ਫੇਰਬਦਲ ਕਰਦੇ ਹੋਏ ਪੰਜਾਬਣ ਵਿਧਾਇਕਾ ਜਸਪ੍ਰੀਤ ਕੌਰ 'ਜੱਸੀ' ਸੁੰਨੜ ਨੂੰ ਕੈਬਨਿਟ ਮੰਤਰੀ ਬਣਾਇਆ ਹੈ | ਜਸਪ੍ਰੀਤ ਕੌਰ ਨੂੰ ਪੋਸਟ ਸੈਕੰਡਰੀ ਸਿੱਖਿਆ ਅਤੇ ਭਵਿੱਖ ਦੇ ਹੁਨਰ ਦਾ ਮੰਤਰੀ ਬਣਾਇਆ ਹੈ | ਜਦ ਕਿ ਕੈਬਨਿਟ ਮੰਤਰੀ ਰਵੀ ਕਾਹਲੋਂ ਦਾ ਮਹਿਕਮਾ ਬਦਲਿਆ ਗਿਆ ਹੈ | ਰਵੀ ਕਾਹਲੋਂ ਪਹਿਲਾਂ ਹਾਊਸਿੰਗ ਤੇ ਮਿਉਂਸਪਲ ਅਫੇਰਜ਼ ਦੇ ਮੰਤਰੀ ਸਨ ਤੇ ਹੁਣ ਉਨ੍ਹਾਂ ਨੂੰ ਨੌਕਰੀਆਂ ਤੇ ਆਰਥਿਕ ਵਿਕਾਸ ਦਾ ਮੰਤਰਾਲਾ ਦਿੱਤਾ ਗਿਆ ਹੈ | 8 ਮਹੀਨੇ ਪਹਿਲਾਂ ਬਣੀ ਡੇਵਿਡ ਈਬੀ ਦੀ ਸਰਕਾਰ ਦੀ ਕੈਬਨਿਟ ਦੀ ਇਹ ਪਹਿਲੀ ਫੇਰਬਦਲ ਹੈ | ਜ਼ਿਲ੍ਹਾ ਜਲੰਧਰ ਦੀ ਨੂਰਮਹਿਲ ਤਹਿਸੀਲ ਦੇ ਪਿੰਡ ਸੁੰਨੜ ਕਲਾਂ ਦੇ ਹਰਮੇਲ ਸਿੰਘ ਸੁੰਨੜ ਦੀ ਧੀ ਤੇ ਮਨੁੱਖੀ ਅਧਿਕਾਰਾਂ ਦੀ ਉੱਘੀ ਵਕੀਲ ਰਹੀ ਜਸਪ੍ਰੀਤ ਕੌਰ 19 ਅਕਤੂਬਰ, 2024 ਨੂੰ ਪਹਿਲੀ ਵਾਰ ਵਿਧਾਇਕਾ ਚੁਣੀ ਗਈ ਸੀ ਤੇ ਨਵੰਬਰ ਵਿਚ ਉਸ ਨੂੰ ਨਸਲਵਾਦ ਦੇ ਖ਼ਿਲਾਫ਼ ਪਹਿਲਕਦਮੀ ਬਾਰੇ ਸੰਸਦੀ ਸਕੱਤਰ ਬਣਾਇਆ ਗਿਆ ਸੀ |