JALANDHAR WEATHER

ਸੀਵਰੇਜ ਦੀ ਹੋ ਰਹੀ ਲੀਕੇਜ ਤੇ ਨੀਵੇਂ ਢੱਕਣ ਬੇਗੋਵਾਲ ਵਾਸੀਆਂ ਲਈ ਬਣੇ ਪ੍ਰੇਸ਼ਾਨੀ ਦਾ ਕਾਰਨ

ਬੇਗੋਵਾਲ, 18 ਜੁਲਾਈ (ਸੁਖਜਿੰਦਰ ਸਿੰਘ)- ਕਸਬਾ ਬੇਗੋਵਾਲ ਵਿੱਚ ਜਦੋਂ ਦਾ ਸੀਵਰੇਜ ਪਿਆ ਹੈ ਉਦੋਂ ਤੋਂ ਹੀ ਕਿਸੇ ਨਾ ਕਿਸੇ ਗਲੀ, ਕਿਸੇ ਮਹੱਲੇ ਵਿੱਚ ਇਹ ਬੇਗੋਵਾਲ ਵਾਸੀਆਂ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ, ਉਥੇ ਸੀਵਰੇਜ ਦੇ ਗਲੀਆਂ 'ਚ ਲੱਗੇ ਢੱਕਣ ਨੀਵੇਂ ਹੋਣ ਕਰਕੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਇਸ ਇਸ ਸਬੰਧੀ ਮੀਖੋਵਾਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਮਾਰਕੀਟ ਦੇ ਦੁਕਾਨਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਰਕੀਟ ਵਿੱਚ ਸੀਵਰੇਜ ਦਾ ਓਵਰਫਲੋ ਹੋਣ ਕਾਰਨ ਪਾਣੀ ਕਦੀ ਮੁੱਕਿਆ ਨਹੀਂ ਜਿਸ ਕਾਰਨ ਇਸ ਮਾਰਕੀਟ ਵਿਚੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਮੇਂ ਉਹਨਾਂ ਇਹ ਵੀ ਦੱਸਿਆ ਕਿ ਇਹ ਸੀਵਰੇਜ ਜਿੱਥੋਂ ਓਵਰਫਲੋ ਹੁੰਦਾ ਹੈ ਉਥੇ ਪੰਜਾਬ ਐਂਡ ਸਿੰਧ ਬੈਂਕ ਤੇ ਨਾਲ ਨਾਮੀ ਸ਼ਿਕਾਗੋ ਪੀਜਾ ਹੈ ਜਿੱਥੇ ਲੋਕਾਂ ਦਾ ਵੱਡੀ ਗਿਣਤੀ 'ਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ | ਇਸ ਸਮੇਂ ਮੈਨੇਜਰ ਕੁਲਦੀਪ ਸਿੰਘ ਤੇ ਦੁਕਾਨਦਾਰਾਂ ਨੇ ਸਾਂਝੇ ਤੌਰ 'ਤੇ ਦੱਸਿਆ ਇਸ ਸਮੱਸਿਆ ਨੂੰ ਲੈ ਕੇ ਉਹ ਅਨੇਕਾਂ ਵਾਰ ਨਗਰ ਪੰਚਾਇਤ ਬੇਗਵਾਲ ਵਿਖੇ ਲਿਖਤੀ ਤੇ ਜੁਬਾਨੀ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਅੱਜ ਤੱਕ ਕਈ ਮਹੀਨੇ ਲੰਘਣ ਦੇ ਬਾਵਜੂਦ ਵੀ ਉਹਨਾਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ | ਉਹਨਾਂ ਕਿਹਾ ਕਿ ਉਹਨਾਂ ਨੇ ਨਗਰ ਪੰਚਾਇਤ ਨੂੰ ਇਹ ਵੀ ਕਿਹਾ ਕਿ ਉਹ ਸੀਵਰੇਜ ਦਾ ਢੱਕਣ ਜੋ ਕਾਫੀ ਨੀਵਾਂ ਹੋ ਚੁੱਕਿਆ ਹੈ, ਨੂੰ ਉਹ ਆਪ ਆਪਣੇ ਪੈਸੇ ਲਗਾ ਕੇ ਉੱਚਾ ਕਰ ਲੈਂਦੇ ਹਨ ਜਿਸ 'ਤੇ ਨਗਰ ਪੰਚਾਇਤ ਵੱਲੋਂ ਵੀ ਨਾਂਹ ਕੀਤੀ ਗਈ ਹੈ ਕਿ ਉਹ ਆਪ ਕਾਰਜ ਕਰਨਗੇ | ਉਹਨਾਂ ਕਿਹਾ ਕਿ ਨਗਰ ਪੰਚਾਇਤ ਨੇ ਆਪ ਵੀ ਇਹ ਕੰਮ ਨਹੀਂ ਕੀਤਾ ਤੇ ਨਾ ਹੀ ਸਾਨੂੰ ਕਰਨ ਦਿੱਤਾ ਹੈ | ਇਸ ਤੋਂ ਇਲਾਵਾ ਇਸੇ ਹੀ ਰੋਡ 'ਤੇ ਤਿੰਨ ਹੋਰ ਸੀਵਰੇਜ ਦੇ ਮੇਨ ਹੋਲ ਦੇ ਢੱਕਣ ਪਏ ਹੋਏ ਹਨ ਜੋ ਸੜਕ ਤੋਂ ਕਾਫੀ ਨੀਵੇਂ ਹੋ ਚੁੱਕੇ ਹਨ ਜਿਸ ਨਾਲ ਅਕਸਰ ਹੀ ਇਥੋਂ ਦੇ ਦੋ ਪਹੀਆ ਵਾਹਨ ਤੇ ਗੁਜਰਨ ਵਾਲੇ ਲੋਕਾਂ ਨੂੰ ਡਾਢੀ ਸਮੱਸਿਆ ਪੈਦਾ ਕਰ ਰਹੇ ਹਨ ਤੇ ਇਸੇ ਹੀ ਸਮੱਸਿਆ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ | ਇਸੇ ਤਰ੍ਹਾਂ ਕਸਬੇ ਦੇ ਭਦਾਸ ਰੋਡ ਤੇ ਅੱਡਾ ਸਤਿਗੁਰ ਰਾਖਾ ਤੇ ਟਾਂਡਾ ਰੋਡ ਸਥਿਤ ਤੇ ਕਈ ਥਾਵਾਂ ਉੱਪਰ ਸੀਵਰੇਜ ਲੀਕਜ ਕਾਰਨ ਸੜਕਾਂ ਤੇ ਕਈ-ਕਈ ਫੁੱਟ ਡੂੰਘੇ ਟੋਏ ਪੈ ਚੁੱਕੇ ਹਨ ਜਿਸ ਕਾਰਨ ਅਕਸਰ ਹੀ ਮੇਨ ਰੋਡ ਤੋਂ ਲੰਘਣ ਵਾਲੇ ਵਾਹਨਾਂ ਨੂੰ ਜਿੱਥੇ ਭਾਰੀ ਨੁਕਸਾਨ ਪਹੁੰਚਦਾ ਹੈ ਉੱਥੇ ਹੀ ਕਈ ਹਾਦਸੇ ਵੀ ਹੁੰਦੇ ਨਜ਼ਰ ਆਉਂਦੇ ਹਨ | ਇਸ ਸਮੇਂ ਸਥਾਨਕ ਮੀਖਵਾਲ ਰੋਡ ਮਾਰਕੀਟ ਦੇ ਦੁਕਾਨਦਾਰਾਂ ਜਿਨਾਂ ਚੋਂ ਗੁਰਸ਼ਰਨ ਸਿੰਘ ਨਾਮਧਾਰੀ, ਜਸਵੀਰ ਸਿੰਘ ਨਰੂਲਾ, ਕੁਲਦੀਪ ਸਿੰਘ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ, ਮਨਜਿੰਦਰ ਸਿੰਘ ਮਿੰਟੂ, ਸਰਬਜੀਤ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਨਰੂਲਾ, ਸਤਵੰਤਪ੍ਰੀਤ ਸਿੰਘ ਸਿਕਰੀ, ਸਾਹਿਲ ਸ਼ਰਮਾ ਆਦਿ ਨੇ ਵੀ ਸਥਾਨਕ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਉਨ੍ਹਾਂ ਨੂੰ ਇਹ ਸਮੱਸਿਆ ਤੋਂ ਨਿਜਾਤ ਦਵਾਇਆ ਜਾਵੇ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ