ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਜਾਰੀ
ਚੰਡੀਗੜ੍ਹ, 30 ਜੁਲਾਈ (ਕਪਿਲ ਵਧਵਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਜ਼ਮਾਨਤ ਰਜ਼ੀ ਉਤੇ ਮੁਹਾਲੀ ਅਦਾਲਤ ਵਿਖੇ ਲੰਚ ਬ੍ਰੇਕ ਤੋਂ ਬਾਅਦ ਮੁੜ ਸ਼ੁਰੂ ਹੋ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵਲੋਂ ਤਿੰਨ ਬੈਗ ਕੋਰਟ ਰੂਮ ਅੰਦਰ ਲਿਜਾਏ ਗਏ ਹਨ। ਸੂਤਰਾਂ ਅਨੁਸਾਰ ਉਕਤ ਬੈਗਾਂ ਵਿਚ ਵਿਜੀਲੈਂਸ ਵਲੋਂ ਜੁਟਾਏ ਦਸਤਾਵੇਜ਼ ਵਿਸ਼ੇਸ਼ ਜੱਜ ਹਰਦੀਪ ਸਿੰਘ ਅੱਗੇ ਪੇਸ਼ ਕੀਤੇ ਗਏ ਹਨ। ਇਸ ਮੌਕੇ ਅਦਾਲਤ ਵਿਚ ਵਿਜੀਲੈਂਸ ਦੀ ਤਰਫ਼ ਤੋਂ ਵਿਸ਼ੇਸ਼ ਸਰਕਾਰੀ ਵਕੀਲ ਪ੍ਰੀਤ ਇੰਦਰ ਪਾਲ ਸਿੰਘ, ਫੈਰੀ ਸੋਫਤ ਅਤੇ ਵਕੀਲ ਮਨਜੀਤ ਪੇਸ਼ ਹੋਏ। ਉਨ੍ਹਾਂ ਨਾਲ ਮੁਹਾਲੀ ਵਿਜੀਲੈਂਸ ਬਿਊਰੋ ਦੇ ਏ. ਆਈ. ਜੀ. ਸਵਰਨਦੀਪ ਸਿੰਘ ਆਪਣੀ ਟੀਮ ਨਾਲ ਪਹੁੰਚੇ ਹਨ। ਦੱਸ ਦਈਏ ਕਿ ਬਚਾਅ ਧਿਰ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਵਕੀਲ ਦਮਨਬੀਰ ਸਿੰਘ ਸੋਬਤੀ ਅਤੇ ਐੱਚ. ਐੱਸ. ਧਨੋਆ ਵਲੋਂ ਕੀਤੀ ਜਾ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਅੱਜ ਸਵੇਰ ਤੋਂ ਜਦੋਂ ਦੀ ਅਦਾਲਤ ਵਿਖੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਉਤੇ ਸੁਣਵਾਈ ਕੀਤੀ ਜਾ ਰਹੀ ਹੈ, ਉਦੋਂ ਤੋਂ ਹੋਰ ਕਿਸੇ ਵਿਅਕਤੀ ਨੂੰ ਕੋਰਟ ਰੂਮ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ।