ਵਿਸ਼ਵ ਚੈਂਪੀਅਨਸ਼ਿਪ ਆਫ਼ ਲੈਜੇਂਡਜ਼: ਪਾਕਿਸਤਾਨ ਖਿਲਾਫ਼ ਸੈਮੀਫਾਈਨਲ ਨਹੀਂ ਖੇਡੇਗੀ ਭਾਰਤੀ ਕ੍ਰਿਕਟ ਟੀਮ


ਨਵੀਂ ਦਿੱਲੀ, 31 ਜੁਲਾਈ- ਵਿਸ਼ਵ ਚੈਂਪੀਅਨਸ਼ਿਪ ਆਫ਼ ਲੈਜੇਂਡਸ 2025 ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਣਾ ਸੀ। ਇਸ ਤੋਂ ਪਹਿਲਾਂ, ਭਾਰਤੀ ਖਿਡਾਰੀਆਂ ਨੇ ਪਾਕਿਸਤਾਨ ਵਿਰੁੱਧ ਸੈਮੀਫਾਈਨਲ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਯੁਵਰਾਜ ਸਿੰਘ ਦੀ ਅਗਵਾਈ ਵਾਲੀ ਇੰਡੀਆ ਚੈਂਪੀਅਨਜ਼ ਟੀਮ ਨੇ ਵੈਸਟਇੰਡੀਜ਼ ਚੈਂਪੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ ਸੀ। ਹਾਲਾਂਕਿ ਭਾਰਤ ਦੇ ਟੂਰਨਾਮੈਂਟ ਤੋਂ ਹਟਣ ਤੋਂ ਬਾਅਦ ਪਾਕਿਸਤਾਨ ਟੀਮ ਫਾਈਨਲ ਵਿਚ ਪਹੁੰਚ ਗਈ ਹੈ।
ਸੈਮੀਫਾਈਨਲ ਮੈਚ ਅੱਜ ਯਾਨੀ 31 ਜੁਲਾਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਣਾ ਸੀ। ਹਾਲਾਂਕਿ ਸ਼ਿਖਰ ਧਵਨ, ਇਰਫਾਨ ਪਠਾਨ, ਹਰਭਜਨ ਸਿੰਘ, ਯੁਵਰਾਜ ਸਿੰਘ, ਸੁਰੇਸ਼ ਰੈਨਾ ਵਰਗੇ ਦਿੱਗਜਾਂ ਵਾਲੀ ਭਾਰਤੀ ਟੀਮ ਨੇ ਇਸ ਮੈਚ ਵਿਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿਚ ਪਾਕਿਸਤਾਨ ਵਿਰੁੱਧ ਮੈਚ ਦਾ ਬਾਈਕਾਟ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਲੀਗ ਦੌਰ ਦੌਰਾਨ ਪਾਕਿਸਤਾਨ ਵਿਰੁੱਧ ਮੈਚ ਦਾ ਬਾਈਕਾਟ ਕੀਤਾ ਸੀ ਅਤੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ, ਦੂਜੇ ਸੈਮੀਫਾਈਨਲ ਵਿਚ, ਏ.ਬੀ. ਡਿਵਿਲੀਅਰਜ਼ ਦੀ ਅਗਵਾਈ ਵਾਲੀ ਦੱਖਣੀ ਅਫਰੀਕਾ ਚੈਂਪੀਅਨਜ਼ ਟੀਮ 31 ਜੁਲਾਈ ਨੂੰ ਬ੍ਰੈਟ ਲੀ ਦੀ ਅਗਵਾਈ ਵਾਲੀ ਆਸਟ੍ਰੇਲੀਆ ਚੈਂਪੀਅਨਜ਼ ਟੀਮ ਨਾਲ ਭਿੜੇਗੀ।
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ‘ਆਪ੍ਰੇਸ਼ਨ ਸੰਧੂਰ’ ਰਾਹੀਂ ਪਾਕਿਸਤਾਨ ਅਤੇ ਪੀ.ਓ.ਕੇ. ਵਿਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਭਾਰਤ ਦੀ ਇਸ ਜਵਾਬੀ ਕਾਰਵਾਈ ਵਿਚ ਕਈ ਅੱਤਵਾਦੀ ਮਾਰੇ ਗਏ। ਇਸ ਤੋਂ ਬਾਅਦ ਪਾਕਿਸਤਾਨ ਨੇ ਫਿਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਭਾਰਤ ਨੇ ਨਾਕਾਮ ਕਰ ਦਿੱਤਾ। ਇਸਲਾਮਾਬਾਦ ਦੇ ਕਾਇਰਤਾਪੂਰਨ ਕਾਰੇ ਤੋਂ ਬਾਅਦ, ਭਾਰਤੀ ਟੀਮ ਨੇ ਗੁਆਂਢੀ ਦੇਸ਼ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧ ਰੱਖਣ ਤੋਂ ਇਨਕਾਰ ਕਰ ਦਿੱਤਾ।