ਅੰਮ੍ਰਿਤਸਰ ਵਿਚ ਐਨ.ਆਈ.ਏ. ਦੀ ਛਾਪੇਮਾਰੀ

ਅੰਮ੍ਰਿਤਸਰ, 5 ਅਗਸਤ (ਸੁਰਿੰਦਰ ਕੋਛੜ)- ਅੱਜ ਸਵੇਰੇ, ਰਾਸ਼ਟਰੀ ਜਾਂਚ ਏਜੰਸੀ ਦੀ ਇਕ ਟੀਮ ਨੇ ਇਕ ਟ੍ਰੈਵਲ ਏਜੰਟ ਦੇ ਘਰ ਛਾਪਾ ਮਾਰਿਆ, ਜੋ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੀ ਮਾਰਦਾ ਸੀ। ਇਹ ਛਾਪਾ ਸ਼ਾਸਤਰੀ ਨਗਰ ਵਿਚ ਵਿਸ਼ਾਲ ਕੁਮਾਰ ਨਾਮ ਦੇ ਇਕ ਏਜੰਟ ਦੇ ਘਰ ਮਾਰਿਆ ਗਿਆ। ਟੀਮ ਸਵੇਰੇ ਤੜਕੇ ਵਿਸ਼ਾਲ ਦੇ ਘਰ ਪਹੁੰਚੀ ਅਤੇ ਘਰ ਦੇ ਅੰਦਰੋਂ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਾਣਕਾਰੀ ਅਨੁਸਾਰ, ਐਨ.ਆਈ.ਏ. ਟੀਮ ਨੂੰ ਵਿਸ਼ਾਲ ਕੁਮਾਰ ਦੇ ਸ਼ੱਕੀ ਦਸਤਾਵੇਜ਼ ਹੋਣ ਅਤੇ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ’ਤੇ ਇਹ ਛਾਪਾ ਮਾਰਿਆ ਗਿਆ। ਹਾਲਾਂਕਿ, ਅਜੇ ਤੱਕ ਅਧਿਕਾਰਤ ਤੌਰ ’ਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਪੁਲਿਸ ਨੇ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ ਜਾਂ ਨਹੀਂ।
ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਅਮਰੀਕੀ ਸਰਕਾਰ ਨੇ ਨੌਜਵਾਨ ਨੂੰ ਡਿਪੋਰਟ ਕੀਤਾ ਹੈ, ਐਨ.ਆਈ.ਏ. ਟੀਮ ਲਗਾਤਾਰ ਇਮੀਗ੍ਰੇਸ਼ਨ ਏਜੰਟਾਂ ’ਤੇ ਨਜ਼ਰ ਰੱਖ ਰਹੀ ਹੈ ਅਤੇ ਨੌਜਵਾਨਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਵਿਚ ਲੱਗੀ ਹੋਈ ਹੈ।