11 ਸਾਲ ਪਹਿਲਾਂ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਝੀ, ਮਾਂ ਨੇ ਹੀ ਪ੍ਰੇਮੀ ਨਾਲ ਮਿਲ ਕੇ ਮਾਰਿਆ ਸੀ ਪੁੱਤ

ਸ੍ਰੀ ਹਰਗੋਬਿੰਦਪੁਰ, 5 ਅਗਸਤ (ਕੰਵਲਜੀਤ ਸਿੰਘ ਚੀਮਾ)-ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਅੰਦਰ ਆਉਂਦੇ ਪਿੰਡ ਖੋਜਕੀਪੁਰ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। 11 ਸਾਲ ਪਹਿਲਾਂ ਪਿੰਡ ਖੋਜਕੀਪੁਰ ਵਿਚ ਇਕ 14 ਸਾਲਾ ਬੱਚੇ ਦੇ ਕਤਲ ਦਾ ਮਾਮਲਾ ਦਰਜ ਹੋਇਆ ਸੀ। ਇਸ ਸੰਬੰਧੀ ਨੌਜਵਾਨ ਸੰਦੀਪ ਸਿੰਘ ਉਰਫ਼ ਜਗਦੀਪ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਖੋਜਕੀਪੁਰ ਦੇ ਗੁੰਮ ਹੋਣ ’ਤੇ ਉਸ ਦੇ ਤਾਏ ਹਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਲੋਂ ਮੁਕੱਦਮਾ ਨੰਬਰ 42 ਮਿਤੀ 20 ਅਪ੍ਰੈਲ 2014 ਥਾਣਾ ਸ੍ਰੀ ਹਰਗੋਬਿੰਦਪੁਰ ਵਿਚ ਰਣਜੀਤ ਕੌਰ ਪਤਨੀ ਗੁਰਮੁੱਖ ਸਿੰਘ ਅਤੇ ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਅਜੀਤ ਸਿੰਘ ਵਾਸੀ ਖੋਜਕੀਪੁਰ ਦੇ ਖ਼ਿਲਾਫ਼ ਦਰਜ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਦੋਵੇਂ ਭਗੌੜੇ ਚੱਲ ਰਹੇ ਸਨ।
ਇਨ੍ਹਾਂ ਦੋਵਾਂ ਭਗੌੜਿਆਂ ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਿਸ ਵਲੋਂ ਕਾਬੂ ਕਰਨ ਉਪਰੰਤ ਰਣਜੀਤ ਕੌਰ ਅਤੇ ਉਸ ਦੇ ਪ੍ਰੇਮੀ ਸਤਨਾਮ ਸਿੰਘ ਸੱਤਾ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਉਨ੍ਹਾਂ ਦੋਵਾਂ ਦੇ ਪ੍ਰੇਮ ਸਬੰਧ ਵਿਚ ਸੰਦੀਪ ਸਿੰਘ ਉਰਫ਼ ਜਗਦੀਪ ਸਿੰਘ ਰਾਹ ਦਾ ਰੋੜਾ ਬਣਿਆ ਹੋਇਆ ਸੀ, ਜਿਸ ਨੂੰ ਰਣਜੀਤ ਕੌਰ ਅਤੇ ਸਤਨਾਮ ਸਿੰਘ ਉਰਫ਼ ਸੱਤਾ ਵਲੋਂ ਗਲਾ ਘੁੱਟ ਕੇ ਜਾਨੋਂ ਮਾਰਨ ਉਪਰੰਤ ਆਪਣੇ ਰਿਹਾਇਸ਼ੀ ਮਕਾਨ ਪਿੰਡ ਖੋਜਕੀਪੁਰ ਵਿਚ ਜ਼ਮੀਨ ਹੇਠਾਂ ਦੱਬ ਦਿੱਤਾ ਸੀ ਜਿਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਮੈਜਿਸਟਰੇਟ ਦੀ ਨਿਗਰਾਨੀ ਹੇਠ ਅੱਜ ਸੰਦੀਪ ਸਿੰਘ ਦਾ ਪਿੰਜਰ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ 11 ਸਾਲ ਪਹਿਲਾਂ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਅ ਲਿਆ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਿੰਜਰ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।