ਭਲਕੇ ਸ਼ਾਮ 5 ਵਜੇ ਪੌਂਗ ਡੈਮ ਤੋਂ ਛੱਡਿਆ ਜਾਵੇਗਾ 4 ਹਜ਼ਾਰ ਕਿਊਸਿਕ ਪਾਣੀ
ਮੁਕੇਰੀਆਂ, 5 ਅਗਸਤ (ਰਾਮਗੜੀਆ)-ਅੱਜ ਪੌਂਗ ਡੈਮ ਤਲਵਾੜਾ ਵਿਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਕਾਰਨ ਵੀ.ਵੀ.ਐਮ.ਬੀ. ਪ੍ਰਸ਼ਾਸਨ ਵਲੋਂ ਬਿਆਸ ਦਰਿਆ ਦੇ ਨਜ਼ਦੀਕ ਪੈਂਦੇ ਪਿੰਡਾਂ ਤੇ ਕਸਬਿਆਂ ਵਿਚ ਮੁਨਾਦੀ ਅਨਾਊਂਸਮੈਂਟ ਕੀਤੀ ਗਈ ਕਿ ਕੱਲ੍ਹ 6 ਅਗਸਤ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਤੋਂ 4000 ਕਿਊਸਿਕ ਪਾਣੀ ਛੱਡਿਆ ਜਾਵੇਗਾ।
ਅਨਾਊਂਸਮੈਂਟ ਵਿਚ ਦੱਸਿਆ ਗਿਆ ਕਿ ਲੋਕਾਂ ਨੂੰ ਅਗਾਹ ਕੀਤਾ ਗਿਆ ਕਿ ਪੌਂਗ ਡੈਮ ਤੋਂ ਪਾਣੀ ਛੱਡਣ ਨਾਲ ਬਿਆਸ ਦਰਿਆ ਦੇ ਮੰਡ ਖੇਤਰ ਵਿਚ ਵੀ ਪਾਣੀ ਦਾ ਪ੍ਰਭਾਵ ਹੋ ਸਕਦਾ ਹੈ, ਇਸ ਲਈ ਮੰਡ ਖੇਤਰ ਵਿਚ ਜੋ ਲੋਕ ਡੇਰਿਆਂ ਵਿਚ ਜਾਂ ਖੇਤਾਂ ਵਿਚ ਰਹਿੰਦੇ ਹਨ, ਉਹ ਸੁਰੱਖਿਅਤ ਸਥਾਨਾਂ ਉਤੇ ਕੱਲ੍ਹ 5 ਵਜੇ ਤੋਂ ਪਹਿਲਾਂ-ਪਹਿਲਾਂ ਆ ਜਾਣ। ਹਿਮਾਚਲ ਵਿਚ ਭਾਰੀ ਬਾਰਿਸ਼ ਹੋਣ ਕਾਰਨ ਪਿਛਲੇ 24 ਘੰਟਿਆਂ ਦੌਰਾਨ ਡੈਮ ਦੀ ਝੀਲ ਵਿਚ 10 ਫੁੱਟ ਦੇ ਕਰੀਬ ਪਾਣੀ ਦਾ ਲੈਵਲ ਵਧਿਆ ਹੈ ਅਤੇ ਅੱਜ ਇਹ ਪਾਣੀ ਦਾ ਪੱਧਰ 1370 ਫੁੱਟ ਨੂੰ ਵੀ ਪਾਰ ਕਰ ਗਿਆ ਹੈ। ਡੈਮ ਦੀ ਝੀਲ ਵਿਚ 74309 ਕਿਊਸਿਕ ਦੇ ਕਰੀਬ ਪਾਣੀ ਪਿੱਛੋਂ ਆ ਰਿਹਾ ਹੈ, ਜਿਸ ਕਾਰਨ ਡੈਮ ਪ੍ਰਸ਼ਾਸਨ ਨੇ ਅੱਜ ਇਹ ਅਨਾਊਂਸਮੈਂਟ ਕਰਵਾ ਕੇ ਬਿਆਸ ਦਰਿਆ ਦੇ ਨਜ਼ਦੀਕ ਪੈਂਦੇ ਪਿੰਡਾਂ ਵਿਚ ਲੋਕਾਂ ਨੂੰ ਅਗਾਹ ਕੀਤਾ ਹੈ ਕਿ ਉਹ ਬਿਆਸ ਦਰਿਆ ਦੇ ਕਿਨਾਰੇ ਨਾ ਜਾਣ।
ਦੱਸਣਯੋਗ ਹੈ ਕਿ ਡੈਮ ਪ੍ਰਸ਼ਾਸਨ ਵਲੋਂ ਦੋ ਦਿਨ ਪਹਿਲਾਂ ਹੀ ਹਿਮਾਚਲ ਅਤੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਪੱਤਰ ਜਾਰੀ ਕਰਕੇ ਹੜ੍ਹ ਰੋਕੋ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਬਿਆਸ ਦਰਿਆ ਵਿਚ ਡੈਮ ਤੋਂ ਪਾਣੀ ਛੱਡਣ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕਰਨ ਲਈ ਬੇਨਤੀ ਕੀਤੀ ਸੀ, ਡੈਮ ਵਿਚ ਪਾਣੀ ਸਟੋਰ ਕਰਨ ਦੀ ਸਮਰੱਥਾ 1392 ਫੁੱਟ ਦੇ ਕਰੀਬ ਹੈ, ਇਸ ਕਾਰਨ ਪੌਂਗ ਡੈਮ ਤਲਵਾੜਾ ਦੇ ਬੀ.ਬੀ.ਐਮ.ਬੀ. ਅਧਿਕਾਰੀਆਂ ਵਲੋਂ ਕੱਲ੍ਹ ਪੰਜ ਵਜੇ 4000 ਕਿਊਸਿਕ ਪਾਣੀ ਡੈਮ ਤੋਂ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।