ਉੱਤਰਕਾਸ਼ੀ 'ਚ ਹਰਸਿਲ ਖੇਤਰ 'ਚ ਬੱਦਲ ਫਟਿਆ, 8-10 ਭਾਰਤੀ ਫੌਜ ਦੇ ਜਵਾਨ ਲਾਪਤਾ

ਨਵੀਂ ਦਿੱਲੀ, 5 ਅਗਸਤ-ਉੱਤਰਕਾਸ਼ੀ ਵਿਚ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਲੋਅਰ ਹਰਸਿਲ ਖੇਤਰ ਵਿਚ ਇਕ ਕੈਂਪ ਤੋਂ 8-10 ਭਾਰਤੀ ਫੌਜ ਦੇ ਜਵਾਨ ਲਾਪਤਾ ਹੋਣ ਦੀ ਖ਼ਬਰ ਹੈ। ਘਟਨਾ ਵਿਚ ਆਪਣੇ ਹੀ ਲੋਕ ਲਾਪਤਾ ਹੋਣ ਦੇ ਬਾਵਜੂਦ ਭਾਰਤੀ ਫੌਜ ਦੇ ਜਵਾਨ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ। ਭਾਰਤੀ ਫੌਜ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਉੱਤਰਾਖੰਡ ਵਿਚ ਮੌਸਮ ਵਿਭਾਗ ਦੀ ਬਾਰਿਸ਼ ਦੀ ਚਿਤਾਵਨੀ ਦੇ ਮੱਦੇਨਜ਼ਰ ਰਾਜ ਦੇ ਚੰਪਾਵਤ, ਪੌੜੀ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ਵਿਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਲਈ ਛੁੱਟੀ ਘੋਸ਼ਿਤ ਕੀਤੀ ਗਈ ਹੈ। ਉਤਰਾਖੰਡ ਡੀ.ਆਈ.ਪੀ.ਆਰ. ਨੇ ਇਹ ਜਾਣਕਾਰੀ ਦਿੱਤੀ ਹੈ।
ਦੱਸ ਦਈਏ ਕਿ ਉੱਤਰਾਖੰਡ ਵਿਚ ਪਿਛਲੇ 2 ਦਿਨਾਂ ਤੋਂ ਭਾਰੀ ਮੀਂਹ ਜਾਰੀ ਹੈ। ਅੱਜ ਦੁਪਹਿਰ ਵੇਲੇ ਇਕ ਬੱਦਲ ਫਟਿਆ ਸੀ ਤੇ ਉੱਤਰਕਾਸ਼ੀ ਜ਼ਿਲ੍ਹੇ ਦੇ ਧਾਰਲੀ ਵਿਚ ਖੀਰ ਗੰਗਾ ਵਿਚ ਬੱਦਲ ਫਟਣ ਕਾਰਨ ਪੂਰਾ ਪਿੰਡ ਹੜ੍ਹ ਅਤੇ ਮਲਬੇ ਦੀ ਲਪੇਟ ਵਿਚ ਆ ਗਿਆ। ਐਨ.ਡੀ.ਆਰ.ਐਫ਼. ਤੇ ਐਸ.ਡੀ.ਆਰ.ਐਫ਼. ਟੀਮਾਂ ਦੇ ਨਾਲ ਫੌਜ ਨੂੰ ਵੀ ਮੌਕੇ ’ਤੇ ਭੇਜਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਪ੍ਰਸ਼ਾਂਤ ਆਰੀਆ ਨੇ ਕਿਹਾ ਕਿ ਧਾਰਲੀ ਆਫ਼ਤ ਵਿਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂਕਿ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਖ਼ਬਰ ਹੈ। ਪਾਣੀ ਅਤੇ ਮਲਬਾ ਕਈ ਹੋਟਲਾਂ ਵਿਚ ਦਾਖਲ ਹੋ ਗਿਆ ਹੈ। ਧਾਰਲੀ ਬਾਜ਼ਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਕਈ ਹੋਟਲ ਅਤੇ ਦੁਕਾਨਾਂ ਤਬਾਹ ਹੋ ਗਈਆਂ ਹਨ। ਫੌਜ ਤੇ ਹੋਰ ਸੁਰੱਖਿਆ ਬਲਾਂ ਦੀ ਟੀਮ ਭਟਵਾੜੀ ਲਈ ਰਵਾਨਾ ਹੋ ਗਈ ਹੈ।