JALANDHAR WEATHER

ਮੀਂਹ ਨਾਲ ਹੋਏ ਫਸਲਾਂ ਦੇ ਖਰਾਬੇ ਦਾ ਨਿਰੀਖਣ ਕਰਨ ਫਾਜ਼ਿਲਕਾ ਦੇ ਪਿੰਡਾਂ 'ਚ ਪੁੱਜੇ ਡਿਪਟੀ ਕਮਿਸ਼ਨਰ

ਫਾਜ਼ਿਲਕਾ, 5 ਅਗਸਤ (ਬਲਜੀਤ ਸਿੰਘ)-ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਵਲੋਂ ਫਾਜ਼ਿਲਕਾ ਦੇ ਪਿੰਡ ਸਜਰਾਣਾ, ਟਾਹਲੀਵਾਲਾ, ਸਿੰਘਪੁਰਾ, ਸਾਬੂਆਣਾ, ਸ਼ਤੀਰਵਾਲਾ ਅਤੇ ਲੱਖੇ ਵਾਲੀ ਢਾਬ ਦਾ ਦੌਰਾ ਕਰਕੇ ਮੀਂਹ ਨਾਲ ਹੋਏ ਫਸਲਾਂ ਦੇ ਖਰਾਬੇ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਵੀਰਪਾਲ ਕੌਰ ਅਤੇ ਐਕਸੀਅਨ ਡਰੇਨੇਜ਼ ਵਿਭਾਗ ਫਾਜ਼ਿਲਕਾ ਗੁਰਵੀਰ ਸਿੰਘ ਸਿੱਧੂ ਅਤੇ ਕਾਰਜਕਾਰੀ ਇੰਜੀ. ਬਿਜਲੀ ਬੋਰਡ ਰਜਿੰਦਰ ਕੁਮਾਰ ਵੀ ਮੌਜੂਦ ਸਨ।

ਮੀਂਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਮੌਜੂਦਾ ਹਾਲਾਤ ਬਾਰੇ ਜਾਣਿਆ। ਉਨ੍ਹਾਂ ਡਰੇਨੇਜ਼ ਵਿਭਾਗ ਦੇ ਅਧਕਾਰੀਆਂ ਨੂੰ ਕਿਹਾ ਕਿ ਡਰੇਨਾਂ ਦੀ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਕਾਈ ਵਗੈਰਾ ਕੱਢੀ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਵਿਚ ਕੋਈ ਰੋਕ ਨਾ ਆ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਸੇਮਨਾਲੇ ਵਿਚ ਜੋ ਵੀ ਆਰਜ਼ੀ ਪਾਣੀ ਦੀਆਂ ਪੁਲੀਆਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਖੋਲ੍ਹਿਆ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ।

ਅਬੁਲ ਖੁਰਾਣਾ ਡਰੇਨ ਅਬੋਹਰ ਜਿਸ ਨਾਲ ਸਾਬੂਆਣਾ ਪਿੰਡ ਦੇ ਖੇਤ ਪਾਣੀ ਦੀ ਮਾਰ ਹੇਠ ਆਏ ਹਨ, ਦਾ ਨਿਰੀਖਣ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਰੇਨਾਂ ਦੀ ਸਾਫ-ਸਫਾਈ ਤੇ ਕੰਢਿਆਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪਾਣੀ ਪਿੰਡਾਂ ਦਾ ਨੁਕਸਾਨ ਨਾ ਕਰ ਸਕੇ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਪ੍ਰਸ਼ਾਸਨ ਤੁਹਾਡੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ ਤਾਂ ਹੀ ਤੁਹਾਡੇ ਵਿਚ ਪਹੁੰਚ ਕੇ ਤੁਹਾਡੇ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਤਾਂ ਕਿ ਤੁਹਾਡੀਆਂ ਮੁਸ਼ਕਿਲਾਂ ਬਾਰੇ ਪਤਾ ਚੱਲ ਸਕੇ ਤੇ ਮੁਸ਼ਕਿਲ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੁਦਰਤੀ ਕਰੋਪੀ ਹੈ ਤੇ ਪ੍ਰਸ਼ਾਸਨ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਸਿਰਤੋੜ ਯਤਨ ਕਰ ਰਿਹਾ ਹੈ। ਇਸ ਮੌਕੇ ਐੱਸ.ਡੀ.ਓ. ਡਰੇਨੇਜ਼ ਵਿਭਾਗ ਜਗਦੀਪ ਸਿੰਘ ਅਤੇ ਜੇ.ਈ. ਡਰੇਨੇਜ਼ ਵਿਭਾਗ ਸੋਨੂੰ ਵਰਮਾ ਅਤੇ ਐੱਸ.ਡੀ.ਓ. ਬਿਜਲੀ ਬੋਰਡ ਮਨੋਹਰ ਲਾਲ ਵੀ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ