ਸ਼੍ਰੋਮਣੀ ਕਮੇਟੀ ਨੇ ਪੰਜ ਮੈਂਬਰੀ ਭਰਤੀ ਕਮੇਟੀ ਨੂੰ 11 ਦੇ ਇਜਲਾਸ ਲਈ ਸਮੁੰਦਰੀ ਹਾਲ ਦੇਣ ਤੋਂ ਕੀਤਾ ਮਨ੍ਹਾ
ਅੰਮ੍ਰਿਤਸਰ, 8 ਅਗਸਤ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 2 ਦਸੰਬਰ 2024 ਨੂੰ ਗਠਿਤ ਕੀਤੀ ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ 11 ਅਗਸਤ ਨੂੰ ਇਜਲਾਸ ਕੀਤੇ ਜਾਣ ਦੀ ਮੰਗ ਦੇ ਸੰਬੰਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਇਸ ਮੰਗ ਨੂੰ ਅਸਵੀਕਾਰ ਕਰਦਿਆਂ ਭਰਤੀ ਕਮੇਟੀ ਨੂੰ ਭਾਈ ਗੁਰਦਾਸ ਹਾਲ ਵਿਖੇ ਆਪਣਾ ਇਜਲਾਸ ਕਰਨ ਦੀ ਪੇਸ਼ਕਸ਼ ਕੀਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਇਕ ਰਸਮੀ ਪੱਤਰ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਬੀਬੀ ਸਤਵੰਤ ਕੌਰ ਨੂੰ ਭੇਜਿਆ ਗਿਆ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਹੁਣ ਪੰਜ ਮੈਂਬਰੀ ਭਰਤੀ ਕਮੇਟੀ ਲੀਡਰਸ਼ਿਪ ਵਲੋਂ ਫੈਸਲਾ ਕੀਤਾ ਜਾਵੇਗਾ ਕਿ ਉਹ 11 ਅਗਸਤ ਨੂੰ ਭਾਈ ਗੁਰਦਾਸ ਹਾਲ ਵਿਖੇ ਆਪਣਾ ਚੋਣ ਇਜਲਾਸ ਕਰਦੇ ਹਨ ਜਾਂ ਗੁਰੂ ਨਗਰੀ ਦੇ ਕਿਸੇ ਹੋਰ ਸਥਾਨ ’ਤੇ ਇਜਲਾਸ ਹੋਵੇਗਾ। ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਗਠਿਤ ਕੀਤੇ ਜਾ ਰਹੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣਾਏ ਜਾਣ ਸੰਬੰਧੀ ਪੰਥਕ ਹਲਕਿਆਂ ਵਿਚ ਚਰਚਾ ਜ਼ੋਰਾਂ ’ਤੇ ਚੱਲ ਰਹੀ ਹੈ।