JALANDHAR WEATHER

PRTC ਮੁਲਾਜ਼ਮਾਂ ਨੇ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕਰਨ ਤੇ ਤਨਖ਼ਾਹਾਂ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਕੀਤਾ 2 ਘੰਟੇ ਚੱਕਾ ਜਾਮ

ਕਪੂਰਥਲਾ, 8 ਅਗਸਤ (ਅਮਰਜੀਤ ਕੋਮਲ)-ਪੰਜਾਬ ਰੋਡਵੇਜ਼ ਪਨਬੱਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋਂ ਪੀ.ਆਰ.ਟੀ.ਸੀ. ਦੇ ਕਪੂਰਥਲਾ ਡਿਪੂ ਵਿਚ ਆਊਟ ਸੋਰਸਿੰਗ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਦੀ ਤਨਖ਼ਾਹ ਦੀ ਅਦਾਇਗੀ ਤੇ ਕਿਲੋਮੀਟਰ ਸਕੀਮ ਸਬੰਧੀ ਟੈਂਡਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਦੁਪਹਿਰ ਬਾਅਦ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਨੇ ਲਗਭਗ ਦੋ ਘੰਟੇ ਬੱਸਾਂ ਦਾ ਚੱਕਾ ਜਾਮ ਕਰਕੇ ਰੋਸ ਪ੍ਰਗਟ ਕੀਤਾ।

ਖ਼ਬਰ ਦੀਆਂ ਇਹ ਸਤਰਾਂ 4:30 ਵਜੇ ਲਿਖੇ ਜਾਣ ਤੱਕ ਪੰਜਾਬ ਸਰਕਾਰ ਵਲੋਂ ਕਿੱਲੋਮੀਟਰ ਸਕੀਮ ਸਬੰਧੀ ਬੱਸਾਂ ਦਾ ਟੈਂਡਰ ਅੱਗੇ ਪਾ ਦਿੱਤੇ ਜਾਣ ਉਤੇ ਆਊਟ ਸੋਰਸਿੰਗ ਮੁਲਾਜ਼ਮਾਂ ਦੀ ਤਨਖ਼ਾਹ ਸਬੰਧੀ ਬਜਟ ਜਾਰੀ ਕਰਨ ਤੋਂ ਬਾਅਦ ਮੁਲਾਜ਼ਮਾਂ ਨੇ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਬੱਸਾਂ ਦਾ ਚੱਕਾ ਜਾਮ ਮੁਲਤਵੀ ਕਰ ਦਿੱਤਾ। ਸਰਕਾਰੀ ਬੱਸ ਸੇਵਾ ਬੰਦ ਹੋਣ ਕਾਰਨ ਵੱਖ-ਵੱਖ ਰੂਟਾਂ 'ਤੇ ਜਾਣ ਵਾਲੀਆਂ ਸਵਾਰੀਆਂ ਵਿਸ਼ੇਸ਼ ਕਰਕੇ ਆਧਾਰ ਕਾਰਡ 'ਤੇ ਸਫ਼ਰ ਕਰਨ ਵਾਲੀਆਂ ਬੀਬੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਪੰਨੂੰ ਨੇ ਕਿਹਾ ਕਿ ਪੀ.ਆਰ.ਟੀ.ਸੀ. ਦੇ ਕੰਮ ਕਰਦੇ ਸਾਰੇ ਰੈਗੂਲਰ ਮੁਲਾਜ਼ਮਾਂ ਨੂੰ ਅੱਜ ਤਨਖ਼ਾਹ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਪਰ ਮੈਨੇਜਮੈਂਟ ਵਲੋਂ ਆਊਟ ਸੋਰਸਿੰਗ ਤਹਿਤ ਕੰਮ ਕਰਦੇ ਲਗਭਗ ਪੌਣੇ 200 ਦੇ ਕਰੀਬ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਉਨ੍ਹਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਤੇ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਨੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦਾ ਟੈਂਡਰ ਰੱਦ ਨਾ ਕੀਤਾ ਤੇ ਆਊਟ ਸੋਰਸਿੰਗ ਮੁਲਾਜ਼ਮਾਂ ਦੀ ਤਨਖ਼ਾਹ ਉਨ੍ਹਾਂ ਦੇ ਖਾਤਿਆਂ ਵਿਚ ਨਾ ਪਾਈ, ਉਹ ਬੱਸਾਂ ਦਾ ਚੱਕਾ ਜਾਮ ਕਰਨਗੇ, ਜਿਸਦੀ ਲਈ ਜ਼ਿੰਮੇਵਾਰ ਸਰਕਾਰ ਤੇ ਪੀ.ਆਰ.ਟੀ.ਸੀ. ਮੈਨੇਜਮੈਂਟ ਹੋਵੇਗੀ। ਇਸ ਦੌਰਾਨ ਯੂਨੀਅਨ ਦੇ ਪ੍ਰੈਸ ਸਕੱਤਰ ਨਰਿੰਦਰ ਕੁਮਾਰ, ਤਲਜਿੰਦਰ ਸਿੰਘ, ਗੁਰਮੀਤ ਸਿੰਘ ਭੁੱਲਰ ਤੇ ਹੋਰ ਆਗੂਆਂ ਨੇ ਪੰਜਾਬ ਸਰਕਾਰ ਦੀ ਟਰਾਂਸਪੋਰਟ ਮੁਲਾਜ਼ਮਾਂ ਵਿਰੋਧੀ ਨੀਤੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ