JALANDHAR WEATHER

ਭਾਰਤੀ ਕਿਸਾਨ ਯੂਨੀਅਨ ਸਰ ਛੋਟੂਰਾਮ ਦੇ ਬੈਨਰ ਹੇਠ ਕਿਸਾਨਾਂ ਵਲੋਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ

ਕਰਨਾਲ, 8 ਅਗਸਤ (ਗੁਰਮੀਤ ਸਿੰਘ ਸੱਗੂ)-ਹਰਿਆਣਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਸ਼ੁੱਕਰਵਾਰ ਨੂੰ ਸੂਬੇ ਭਰ ਵਿਚ ਵਿਰੋਧ ਪ੍ਰਦਰਸ਼ਨ ਕੀਤੇ। ਕਰਨਾਲ ਵਿਚ ਭਾਰਤੀ ਕਿਸਾਨ ਯੂਨੀਅਨ ਸਰ ਛੋਟੂਰਾਮ ਦੇ ਬੈਨਰ ਹੇਠ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਸੈਕਟਰ 12 ਦੇ ਹੁੱਡਾ ਮੈਦਾਨ ਵਿਚ ਇਕੱਠੇ ਹੋਣ ਤੋਂ ਬਾਅਦ ਕਿਸਾਨ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਸਕੱਤਰੇਤ ਤਕ ਪਹੁੰਚੇ। ਇਥੇ ਨਾਇਬ ਤਹਿਸੀਲਦਾਰ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ ਸੌਂਪਿਆ ਗਿਆ। ਯੂਨੀਅਨ ਦੇ ਬੁਲਾਰੇ ਬਹਾਦੁਰ ਮਹਲਾ ਬਲੜੀ ਨੇ ਦੱਸਿਆ ਕਿ ਪ੍ਰਦਰਸ਼ਨ ਦੀ ਅਗਵਾਈ ਪ੍ਰਧਾਨ ਛਤਰਪਾਲ ਸਿੰਘ ਜੈਸਿੰਘਪੁਰ ਨੇ ਕੀਤੀ।

ਕਿਸਾਨ ਆਗੂਆਂ ਨੇ ਕਿਹਾ ਕਿ ਖਾਦ ਵੰਡ ਵਿਚ ਪੋਰਟਲ ਦੀ ਸ਼ਰਤ ਖਤਮ ਕੀਤੀ ਜਾਵੇ ਅਤੇ 15 ਸਤੰਬਰ ਤੋਂ ਧਾਨ ਦੀ ਖਰੀਦ ਸ਼ੁਰੂ ਕੀਤੀ ਜਾਵੇ। ਜੇਕਰ ਸਰਕਾਰ ਇਹ ਮੰਗਾਂ ਨਹੀਂ ਮੰਨਦੀ ਤਾਂ 1 ਸਤੰਬਰ ਨੂੰ ਕੁਰੂਕਸ਼ੇਤਰ ਵਿਚ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਹਰ ਰੋਜ਼ ਕਿਸਾਨਾਂ ’ਤੇ ਨਵੇਂ-ਨਵੇਂ ਕਾਨੂੰਨ ਥੋਪ ਰਹੀ ਹੈ ਜਿਵੇਂ ਕਿ ਖਾਦ ’ਤੇ ਪੋਰਟਲ ਦੀ ਸ਼ਰਤ ਲਾਗੂ ਕਰਨੀ, ਝੋਨੇ ਦੀ ਖਰੀਦ ਸਮੇਂ ’ਤੇ ਨਾ ਹੋਣਾ। ਫਿਜ਼ੀ ਵਾਇਰਸ ਕਾਰਨ ਹੋਏ ਨੁਕਸਾਨ ’ਤੇ ਅਜੇ ਤੱਕ ਸਰਕਾਰ ਵਲੋਂ ਕੋਈ ਪ੍ਰਤਿਕਿਰਿਆ ਨਹੀਂ ਆਈ। ਇਹ ਸਾਰੇ ਕਾਰਨ ਹਨ, ਜਿਸ ਕਰਕੇ ਖੇਤੀ ਲਗਾਤਾਰ ਘਾਟੇ ਦਾ ਸੌਦਾ ਬਣ ਰਹੀ ਹੈ। ਮੰਗ ਪੱਤਰ ਵਿਚ ਕਿਹਾ ਗਿਆ ਕਿ ਨਾਂਅ ’ਤੇ ਕੱਟ ਲਗਾ ਕੇ ਰਾਈਸ ਮਿੱਲਾਂ ਵਲੋਂ ਧਾਨ ਸਸਤੇ ਰੇਟ ’ਤੇ ਖਰੀਦਿਆ ਜਾਂਦਾ ਹੈ, ਜਿਸ ’ਤੇ ਤੁਰੰਤ ਰੋਕ ਲਾਈ ਜਾਵੇ। ਫਿਜ਼ੀ ਵਾਇਰਸ ਨਾਲ ਨੁਕਸਾਨੀ ਫਸਲ ਦਾ ਉਚਿਤ ਮੁਆਵਜ਼ਾ ਸਪੈਸ਼ਲ ਗਿਰਦਾਵਰੀ ਕਰਵਾ ਕੇ ਦਿੱਤਾ ਜਾਵੇ। ਫਸਲਾਂ ਦੀ ਸਮੇਂ-ਸਿਰ ਖਰੀਦ ਅਤੇ ਐਮ.ਐਸ.ਪੀ. ਦੀ ਗਾਰੰਟੀ ਦਿੱਤੀ ਜਾਵੇ। ਮੰਗ-ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਕਿ ਨਕਲੀ ਬੀਜ ਅਤੇ ਕੀਟਨਾਸ਼ਕ ’ਤੇ ਰੋਕ ਲਾਈ ਜਾਵੇ ਅਤੇ ਵੰਡ ਵਿਚ ਪਾਰਦਰਸ਼ਤਾ ਲਿਆਂਦੀ ਜਾਵੇ। ਨਹਿਰਾਂ, ਡਰੇਨਾਂ ਦੀ ਸਫਾਈ ਅਤੇ ਸਿੰਚਾਈ ਸੁਵਿਧਾਵਾਂ ਵਿਚ ਸੁਧਾਰ ਕੀਤਾ ਜਾਵੇ। ਟਿਊਬਵੈੱਲ ਕੁਨੈਕਸ਼ਨਾਂ ਵਿਚ ਗੈਰ-ਜ਼ਰੂਰੀ ਪ੍ਰਕਿਰਿਆਵਾਂ ਖਤਮ ਕੀਤੀਆਂ ਜਾਣ। ਬਿਜਲੀ ਬਿੱਲ ਅਤੇ ਸਮਾਰਟ ਮੀਟਰ ਯੋਜਨਾ ਨੂੰ ਵਾਪਸ ਲਿਆ ਜਾਵੇ। ਫਸਲ ਬੀਮਾ ਯੋਜਨਾ ਵਿਚ ਪਾਰਦਰਸ਼ਤਾ ਲਿਆਂਦੇ ਹੋਏ ਇਕ ਏਕੜ ਆਧਾਰਿਤ ਸਰਵੇ ਕੀਤਾ ਜਾਵੇ। ਲੰਮੇ ਸਮੇਂ ਤੋਂ ਕਾਬਜ਼ ਕਿਸਾਨਾਂ ਨੂੰ ਜ਼ਮੀਨ ਦਾ ਮਾਲਕੀ ਹੱਕ ਦਿੱਤਾ ਜਾਵੇ। ਇਸ ਦੌਰਾਨ ਜਗਦੀਪ ਔਲਖ, ਬਹਾਦੁਰ ਮਹਲਾ ਬਲੜੀ, ਸਤਪਾਲ ਚਹਿਲ, ਰਾਮਮੇਹਰ ਨੰਬਰਦਾਰ, ਰਾਜਬੀਰ, ਸਮੇਂ ਸਿੰਘ ਸੰਧੂ, ਸੁਖਵਿੰਦਰ ਝੱਬਰ, ਅਮਨਦੀਪ ਸਿੰਘ ਬੱਬਰ, ਅੰਮ੍ਰਿਤਪਾਲ ਬੁੱਗਾ, ਸ਼ੰਮੀ ਵਿਰਕ, ਚਰਨਜੀਤ, ਪਰਮਜੀਤ ਵਿਰਕ, ਹੈਪੀ ਔਲਖ ਅਤੇ ਬੂਟਾ ਸਿੰਘ ਦਰੜ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ