ਮੁਹਾਲੀ ਅਦਾਲਤ ਵਿਖੇ ਸੁਣਵਾਈ ਉਪਰੰਤ ਬੋਲੇ ਗਨੀਵ ਕੌਰ ਮਜੀਠੀਆ

ਮੋਹਾਲੀ, 11 ਅਗਸਤ (ਕਪਿਲ ਵਧਵਾ)- ਬਿਕਰਮ ਸਿੰਘ ਮਜੀਠੀਆ ਦੀ ਮੋਹਾਲੀ ਅਦਾਲਤ ਵਿਖੇ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਉਪਰੰਤ ਇਥੇ ਮੌਜੂਦ ਗਨੀਵ ਕੌਰ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ। ਇਸ ਦੇ ਨਾਲ ਹੀ ਮਜੀਠੀਆ ਦੇ ਵਕੀਲ ਡੀ. ਐਸ. ਸੋਬਤੀ ਨੇ ਕਿਹਾ ਕਿ ਅਸੀਂ ਖੁਸ਼ ਕਿਸਮਤ ਹਾਂ ਕਿ ਸਾਡੀ ਸੁਣਵਾਈ ਤਾਂ ਹੋ ਰਹੀ ਹੈ।
ਸਰਕਾਰੀ ਧਿਰ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਜੋ ਜੋ ਦਲੀਲਾਂ ਸਰਕਾਰੀ ਧਿਰ ਵਲੋਂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਮੌਕੇ ਦਿੱਤੀਆਂ ਗਈਆਂ ਸਨ, ਉਨ੍ਹਾਂ ਸਭ ਦਲੀਲਾਂ ਤੋਂ ਮੁਨਕਰ ਹੋ ਗਏ ਹਨ। ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ਸਾਹਿਬ ’ਤੇ ਪੂਰਾ ਭਰੋਸਾ ਹੈ ਅਤੇ ਗੁਰੂ ਸਾਹਿਬ ਜੋ ਵੀ ਕਰਨਗੇ ਸਭ ਠੀਕ ਹੀ ਕਰਨਗੇ। ਗਨੀਵ ਕੌਰ ਮਜੀਠੀਆ ਵਲੋਂ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਸ਼ਿਕਾਇਤ ਸੰਬੰਧੀ ਪੱਤਰਕਾਰਾਂ ਵਲੋਂ ਸਵਾਲ ਕੀਤੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਹਨਾਂ ਨਾਲ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਵਲੋਂ ਕੋਈ ਸੰਪਰਕ ਨਹੀਂ ਕੀਤਾ ਗਿਆ।