JALANDHAR WEATHER

ਫੱਗੂਵਾਲਾ ਦੀ ਸੁਸਾਇਟੀ ਦੇ ਪ੍ਰਧਾਨ ਵਲੋਂ ਸੇਲਜ਼ਮੈਨ 'ਤੇ ਯੂਰੀਆ ਖ਼ਾਦ ਵੇਚਣ ਦੇ ਲਗਾਏ ਦੋਸ਼

ਭਵਾਨੀਗੜ੍ਹ, (ਸੰਗਰੂਰ), 20 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਫੱਗੂਵਾਲਾ ਦੀ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਅਤੇ ਹੋਰ ਆਗੂਆਂ ਅਤੇ ਪਿੰਡ ਵਾਸੀਆਂ ਨੇ ਸੁਸਾਇਟੀ ਦੇ ਸੇਲਜ਼ਮੈਨ ’ਤੇ 5 ਸੈਂਕੜਾ ਯੂਰੀਆ ਹਰਿਆਣਾ ਵਿਚ ਵੇਚ ਦੇਣ ਦੇ ਕਥਿਤ ਦੋਸ਼ ਲਗਾਉਂਦਿਆਂ ਸੁਸਾਇਟੀ ਦੀ ਮੀਟਿੰਗ ਬੁਲਾ ਕੇ ਸੇਲਜ਼ਮੈਨ ਨੂੰ ਬਰਖਾਸਿਤ ਕਰਨ ਦਾ ਮਤਾ ਪਾਸ ਕਰਦਿਆਂ ਚੋਰੀ ’ਤੇ ਪੁਲਿਸ ਨੂੰ ਲਿਖ਼ਤੀ ਸ਼ਿਕਾਇਤ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣੇ ਅੱਗੇ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਗੁਰਚਰਨ ਸਿੰਘ, ਸਾਬਕਾ ਪ੍ਰਧਾਨ ਕਰਨੈਲ ਸਿੰਘ ਅਤੇ ਸਾਬਕਾ ਸਰਪੰਚ ਕਰਮਜੀਤ ਸਿੰਘ ਨੇ ਦੱਸਿਆ ਕਿ ਲੰਘੇ ਦਿਨੀਂ ਹਰਿਆਣਾ ਦੇ ਸ਼ਾਹਬਾਦ ਦੀ ਪੁਲਿਸ ਪਾਰਟੀ, ਇਕ ਟਰਾਲਾ ਡਰਾਈਵਰ ਦੀ ਨਿਸ਼ਾਨਦੇਹੀ ’ਤੇ ਪਿੰਡ ਫੱਗੂਵਾਲਾ ਵਿਖੇ ਆਈ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਟਰਾਲਾ ਡਰਾਈਵਰ ਕਥਿਤ ਤੌਰ ’ਤੇ ਯੂਰੀਆ ਖ਼ਾਦ ਦਾ ਟਰਾਲਾ ਭਰ ਕੇ ਲੈ ਕੇ ਜਾ ਰਿਹਾ ਸੀ, ਪੁਲਿਸ ਨੂੰ ਸ਼ੱਕ ਪੈਣ ’ਤੇ ਜਦੋਂ ਉਸ ਟਰਾਲਾ ਡਰਾਈਵਰ ਨੂੰ ਰੋਕ ਕੇ ਪੁਛਗਿੱਛ ਕੀਤੀ ਤਾਂ ਉਕਤ ਵਿਅਕਤੀਆਂ ਨੇ ਦੱਸਣ ਅਨੁਸਾਰ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਕਿਹਾ ਕਿ ਟਰਾਲਾ ਡਰਾਈਵਰ ਨੇ ਯੂਰੀਆ ਖਾਦ ਪਿੰਡ ਫੱਗੂਵਾਲਾ ਦੇ ਗੁਦਾਮ ਵਿਚੋਂ ਕਥਿਤ ਤੌਰ ’ਤੇ ਚੋਰੀ ਕਰਕੇ ਭਰੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਵਿਚ ਪੁਲਿਸ ਨੇ ਸੁਸਾਇਟੀ ਦੇ ਸੇਲਜ਼ਮੈਨ ਨੂੰ ਬੁਲਾ ਕੇ ਗੁਦਾਮ ਦੀ ਨਿਸ਼ਾਨਦੇਹੀ ਕਰਦਿਆਂ ਉਨ੍ਹਾਂ ਦੀ ਹਾਜ਼ਰੀ ਵਿਚ ਸ਼ਾਹਬਾਦ ਪੁਲਿਸ, ਸੇਲਜ਼ਮੈਨ ਨੂੰ ਭਵਾਨੀਗੜ੍ਹ ਥਾਣੇ ਇਤਲਾਹ ਦੇ ਕੇ ਆਪਣੇ ਨਾਲ ਲੈ ਗਈ। ਇਸ ਘਟਨਾ ਦਾ ਪਤਾ ਲਗਦਿਆਂ ਹੀ ਪਿੰਡ ਵਿਚ ਸੇਲਜ਼ਮੈਨ ਜੋ ਪਿੰਡ ਦਾ ਹੀ ਦੱਸਿਆ ਜਾਂਦਾ ਹੈ, ਖਿਲਾਫ਼ ਗੁੱਸੇ ਦੀ ਲਹਿਰ ਪਾਈ ਗਈ। ਸੁਸਾਇਟੀ ਦੇ ਅਧਿਕਾਰੀ ਲਖਜਿੰਦਰ ਸਿੰਘ, ਸਕੱਤਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੀ ਹੰਗਮੀ ਮੀਟਿੰਗ ਹੋਈ, ਜਿਸ ਵਿਚ ਸੁਸਾਇਟੀ ਦੇ ਪ੍ਰਧਾਨ ਅਤੇ ਡਾਇਰੈਕਟਰਾਂ ਨੇ ਸੇਲਜ਼ਮੈਨ ਖਿਲਾਫ਼ ਮਤਾ ਪਾਉਂਦਿਆਂ ਆਪਣੇ ਪ੍ਰਭਾਵ ਨਾਲ ਉਸ ਨੂੰ ਤੁਰੰਤ ਮੁਅੱਤਲ ਕਰਦਿਆਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।

ਸਰਪੰਚ ਗੁਰਪ੍ਰੀਤ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਸੁਸਾਇਟੀ ਆਗੂਆਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਪੁਲਿਸ ਨੂੰ ਲਿਖ਼ਤੀ ਸ਼ਿਕਾਇਤ ਕਰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਸਬੰਧੀ ਬਾਰੀਕੀ ਨਾਲ ਜਾਂਚ ਕਰਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਯੂਰੀਆ ਚੋਰੀ ਕਰਨ ਦੀ ਲਿਖ਼ਤੀ ਸ਼ਿਕਾਇਤ ਆਈ ਹੈ, ਜਿਸ ਦੀ ਤਫਤੀਸ਼ ਕਰਕੇ ਜੋ ਵੀ ਦੋਸ਼ੀ ਹੋਇਆ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪਤਾ ਲੱਗਾ ਹੈ ਕਿ ਸੇਲਜ਼ਮੈਨ ਦਾ ਪਰਿਵਾਰ ਵੀ ਘਰੋਂ ਕਿਤੇ ਚਲਾ ਗਿਆ ਹੈ ਤੇ ਘਰ ਜਿੰਦਰਾ ਲੱਗਾ ਹੋਇਆ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ