ਜੰਬਰ ਬਸਤੀ ਕੋਲ ਰਜਬਾਹੇ ’ਚ ਪਾੜ ਪੈਣ ਨਾਲ 100 ਏਕੜ ਫ਼ਸਲ ’ਚ ਭਰਿਆ ਪਾਣੀ

ਤਲਵੰਡੀ ਸਾਬੋ, (ਬਠਿੰਡਾ), 26 ਅਗਸਤ (ਰਣਜੀਤ ਸਿੰਘ ਰਾਜੂ)- ਉਕਤ ਇਲਾਕੇ ’ਚ ਵੀ ਪਰਸੋਂ ਤੋਂ ਪੈ ਰਹੇ ਭਾਰੀ ਮੀਂਹ ਕਾਰਣ ਰਜਬਾਹਿਆਂ ’ਚ ਪਾਣੀ ਦੇ ਵਧੇ ਪੱਧਰ ਕਰਕੇ ਰਜਬਾਹਿਆਂ ਦੇ ਟੁੱਟਣ ਦਾ ਖਦਸ਼ਾ ਉਦੋਂ ਸੱਚ ਸਾਬਿਤ ਹੋ ਗਿਆ ਜਦੋਂ ਉੱਪ ਮੰਡਲ ਦੇ ਪਿੰਡ ਜੰਬਰ ਬਸਤੀ ਕੋਲ ਦੀ ਲੰਘਦੇ ਰਜਬਾਹੇ ’ਚ ਬੀਤੀ ਅੱਧੀ ਰਾਤ ਤੋਂ ਬਾਅਦ ਪਾੜ ਪੈ ਗਿਆ। ਜਦੋਂ ਤੱਕ ਪਿੰਡ ਦੇ ਲੋਕਾਂ ਨੂੰ ਪਾੜ ਦਾ ਪਤਾ ਲੱਗਾ ਉਦੋਂ ਤੱਕ ਰਜਬਾਹੇ ਚ ਪਾੜ ਵਧ ਕੇ ਕਰੀਬ 20 ਫੁੱਟ ਚੌੜਾ ਹੋ ਗਿਆ। ਰਜਬਾਹੇ ’ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੋਣ ਕਾਰਣ ਪਾਣੀ ਤੇਜ਼ੀ ਨਾਲ ਖ਼ੇਤਾਂ ’ਚ ਵੜਨ ਲੱਗਾ ਅਤੇ ਸਵੇਰ ਤੱਕ ਕਰੀਬ 100 ਏਕੜ ਰਕਬੇ ’ਚ ਪਾਣੀ ਭਰਨ ਕਰਕੇ ਝੋਨੇ ਦੀ ਫ਼ਸਲ ਦੇ ਖਰਾਬ ਹੋਣ ਦਾ ਖਦਸ਼ਾ ਬਣ ਗਿਆ ਹੈ। ਪਿੰਡ ਵਾਸੀ ਜੇ. ਸੀ. ਬੀ. ਅਤੇ ਹੋਰ ਸਾਧਨਾਂ ਰਾਹੀਂ ਜ਼ੋਰ ਸ਼ੋਰ ਨਾਲ ਪਾੜ ਨੂੰ ਪੂਰਨ ’ਚ ਲੱਗ ਗਏ ਹਨ।