ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਮਾਮਲੇ ’ਚ ਦਖ਼ਲ ਦੇਣ ਲਈ ਅਸ਼ਵਨੀ ਸ਼ਰਮਾ ਨੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ

ਨਵੀਂ ਦਿੱਲੀ, 26 ਅਗਸਤ- ਅਮਰੀਕਾ ਵਿਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨਾਲ ਹੋਏ ਫ਼ਲੋਰੀਡਾ ਹਾਦਸੇ ਤੋਂ ਬਾਅਦ ਉੱਥੇ ਦੇ ਪ੍ਰਸ਼ਾਸਨ ਵਲੋਂ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਿਆਂ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਮਾਮਲੇ ਸੰਬੰਧੀ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਵਿਦੇਸ਼ ਮੰਤਰਾਲੇ ਨੂੰ ਇਕ ਚਿੱਠੀ ਲਿਖੀ ਗਈ ਹੈ, ਜਿਸ ਵਿਚ ਉਨ੍ਹਾਂ ਇਸ ਸਾਰੇ ਮਾਮਲੇ ’ਚ ਕੇਂਦਰ ਸਰਕਾਰ ਵਲੋਂ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਉਨ੍ਹਾਂ ਚਿੱਠੀ ਲਿਖ ਮੰਗ ਕੀਤੀ ਕਿ ਅਮਰੀਕਾ ਸਰਕਾਰ ਨਾਲ ਗੱਲਬਾਤ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਇਕ ਘਟਨਾ ਲਈ ਪੂਰੇ ਭਾਈਚਾਰੇ ਨੂੰ ਸਜ਼ਾ ਨਾ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਡੀ.ਸੀ. ਸਥਿਤ ਭਾਰਤੀ ਦੂਤਾਵਾਸ ਰਾਹੀਂ ਅਮਰੀਕੀ ਅਧਿਕਾਰੀਆਂ ਨਾਲ ਤੁਰੰਤ ਗੱਲਬਾਤ ਕਰਕੇ ਟਰੱਕ ਡਰਾਈਵਰਾਂ ਲਈ ਲਗਾਈਆਂ ਪਾਬੰਦੀਆਂ ’ਤੇ ਮੁੜ ਵਿਚਾਰ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਕਾਨੂੰਨੀ ਅਤੇ ਕੌਂਸਲਰ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਸ ਦਾ ਕੇਸ ਨਿਆਂਸੰਗਤ ਅਤੇ ਪਾਰਦਰਸ਼ੀ ਤਰੀਕੇ ਨਾਲ ਸੁਣਿਆ ਜਾ ਸਕੇ।
ਉਨ੍ਹਾਂ ਆਪਣੀ ਚਿੱਠੀ ਵਿਚ ਲਿਖਿਆ ਕਿ ਪੰਜਾਬੀਆਂ ਨੇ ਆਪਣੇ ਆਪ ਨੂੰ ਅਮਰੀਕਾ ਦੇ ਸਭ ਤੋਂ ਵੱਧ ਜੀਵੰਤ ਅਤੇ ਮਿਹਨਤੀ ਭਾਈਚਾਰਿਆਂ ਵਿਚੋਂ ਇਕ ਵਜੋਂ ਸਥਾਪਿਤ ਕੀਤਾ ਹੈ। ਪੰਜਾਬੀ ਟਰੱਕਾਂ ਦੇ ਕਾਰੋਬਾਰ ਤੋਂ ਇਲਾਵਾ ਖੇਤੀਬਾੜੀ, ਕਾਰੋਬਾਰ ਤੇ ਅਕਾਦਮਿਕ ਕੰਮਾਂ ਵਿਚ ਲੱਗੇ ਹੋਏ ਹਨ ਤੇ ਅਮਰੀਕਾ ਦੇ ਆਰਥਿਕ ਵਿਕਾਸ ਵਿਚ ਵੱਡਾ ਯੋਗਦਾਨ ਪਾਉਂਦੇ ਹਨ।
ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਤੁਹਾਡਾ ਸਮੇਂ ਸਿਰ ਅਤੇ ਦ੍ਰਿੜ ਦਖ਼ਲ ਪੰਜਾਬ ਤੇ ਪੂਰੇ ਭਾਰਤ ਵਿਚ ਸਾਡੇ ਲੋਕਾਂ ਨੂੰ ਭਰੋਸਾ ਪ੍ਰਦਾਨ ਕਰੇਗਾ ਤੇ ਇਹ ਭਾਰ ਸਰਕਾਰ ਦੀ ਆਪਣੇ ਪ੍ਰਵਾਸੀਆਂ ਦੀ ਭਲਾਈ, ਮਾਣ ਤੇ ਸੁਰੱਖਿਆ ਪ੍ਰਤੀ ਦ੍ਰਿੜ ਵਚਨਬੱਧਤਾ ਦੀ ਪੁਸ਼ਟੀ ਵੀ ਕਰੇਗਾ।