ਨਵੇਂ ਚੱਕੀ ਪੁੱਲ ਨੂੰ ਵੀ ਚੱਕੀ ਦਰਿਆ ਵਿਚ ਵਧੇ ਪਾਣੀ ਕਰਕੇ ਖੋਰਾ ਲੱਗਣਾ ਸ਼ੁਰੂ

ਪਠਾਨਕੋਟ, 26 ਅਗਸਤ (ਸੰਧੂ)- ਪਠਾਨਕੋਟ ਅਤੇ ਪਹਾੜਾਂ ਵਿਚ ਹੋ ਰਹੀ ਲਗਾਤਾਰ ਭਾਰੀ ਬਾਰਿਸ਼ ਕਰਕੇ ਜਿਥੇ ਬੀਤੇ ਦਿਨੀਂ ਦਰਿਆ ’ਤੇ ਬਣਿਆ ਪੁਰਾਣਾ ਪੁੱਲ ਟੁੱਟ ਗਿਆ ਸੀ, ਹੁਣ ਅੱਜ ਪਠਾਨਕੋਟ ਦੇ ਨਵੇਂ ਚੱਕੀ ਪੁੱਲ ਨੂੰ ਵੀ ਚੱਕੀ ਦਰਿਆ ਵਿਚ ਵਧੇ ਪਾਣੀ ਕਰਕੇ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਪੁੱਲ ਤੋਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਸੰਭਾਵੀ ਹੜ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਕਿਸੇ ਵੀ ਤਰ੍ਹਾਂ ਮਦਦ ਲਈ ਪ੍ਰਸ਼ਾਸਨ ਹਰ ਤਰ੍ਹਾਂ ਲਈ ਤਿਆਰ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਕੰਟਰੋਲ ਰੂਮ ਨੰਬਰ 0186-2346944, ਜੋ 24 ਘੰਟੇ ਕੰਮ ਕਰ ਰਿਹਾ ਹੈ ’ਤੇ ਫੋਨ ਕਰਕੇ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਅੰਦਰ ਦੋ ਸਥਾਨਾਂ ’ਤੇ ਸੰਭਾਵਿਤ ਹੜ੍ਹਾਂ ਦੀ ਸਥਿਤੀ ਨੂੰ ਵੇਖਦਿਆਂ ਅਗੇਤੇ ਪ੍ਰਬੰਧ ਕਰਦਿਆਂ ਸ੍ਰੀ ਰਾਧਾ ਸਵਾਮੀ ਸਤਸੰਗ ਬਿਆਸ ਸੈਂਟਰ ਪਠਾਨਕੋਟ ਅਤੇ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਸ਼ਰਨਾਰਥੀ ਕੈਂਪ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਹੜ੍ਹ ਪ੍ਰਭਾਵਿਤ ਖੇਤਰ ਤੋਂ ਇਨ੍ਹਾਂ ਸਥਾਨਾਂ ’ਤੇ ਜਾਣਾ ਚਾਹੁੰਦਾ ਹੈ ਤਾਂ ਉਹ ਜਾ ਸਕਦਾ ਹੈ ਜਾਂ ਕੋਈ ਵਿਅਕਤੀ ਆਪਣੇ ਰਿਸ਼ਤੇਦਾਰ ਕੋਲ ਜਾਣਾ ਚਾਹੁੰਦਾ ਹੈ ਤਾਂ ਉਹ ਵੀ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਪਹਿਲਾਂ ਆਪਣੇ ਰਿਸ਼ਤੇਦਾਰ ਕੋਲ ਹੈ ਅਤੇ ਉਹ ਵੀ ਇਨ੍ਹਾਂ ਸ਼ਰਨਾਰਥੀ ਕੈਂਪ ਵਿਚ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਸ਼ਰਨਾਰਥੀ ਕੈਂਪ ਵਿਚ ਹਰ ਤਰ੍ਹਾਂ ਦੀ ਸੁਵਿਧਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਹੜ੍ਹ ਖੇਤਰ ਵਿਚ ਫਸਿਆ ਹੈ ਤਾਂ ਉਹ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਕੰਟੋਰਲ ਰੂਮ ਨੰਬਰ 0186-2346944 ’ਤੇ ਫੋਨ ਕਰਕੇ ਸਹਾਇਤਾ ਲੈ ਸਕਦਾ ਹੈ। ਇਸ ਤੋਂ ਇਲਾਵਾ ਖਾਣਾ, ਪਾਣੀ ਆਦਿ ਸੁਵਿਧਾ ਵੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਜਿਹੀ ਸਥਿਤੀ ਵਿਚ ਲੋਕਾਂ ਦੀ ਸਹਾਇਤ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਵਾਂ ਤੋਂ ਸੁਚੇਤ ਰਹਿਣ।