ਬਲਾਕ ਦਸੂਹਾ ਦੇ ਪਿੰਡ ਜਿਉਂਚੱਕ ਵਿਚ ਭਰਿਆ ਪਾਣੀ

ਘੋਗਰਾ, ਹੁਸ਼ਿਆਰਪੁਰ, 26 ਅਗਸਤ (ਆਰ. ਐੱਸ. ਸਲਾਰੀਆ)-ਬਲਾਕ ਦਸੂਹਾ ਅਧੀਨ ਪੈਂਦੇ ਪਿੰਡ ਜੀਉਂਚੱਕ ਵਿਖੇ ਹੋ ਰਹੀ ਲਗਾਤਾਰ ਬਾਰਿਸ਼ ਨਾਲ ਪਿੰਡ ਵਿਚ ਪਾਣੀ ਭਰ ਗਿਆ ਹੈ, ਜਿਸ ਨਾਲ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਤੇਜਪਾਲ ਸਿੰਘ ਪੁੱਤਰ ਮਲੂਕ ਸਿੰਘ ਪਿੰਡ ਬਹਿਬੋਵਾਲ ਛੰਨੀਆਂ ਨੇ ਦੱਸਿਆ ਕਿ 14 ਕਿੱਲੇ ਗੰਨੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ, ਜਿਸ ਨਾਲ ਉਸਦਾ 15 ਲੱਖ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਲ 2023 ਵਿਚ ਵੀ ਇਸੇ ਤਰ੍ਹਾਂ ਨਾਲ ਪਾਣੀ ਭਰ ਜਾਣ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਦੀ ਲੰਘਦੇ ਚੋਆਂ ਉਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਰਕੇ ਪਾਣੀ ਪਿੰਡ ਜੀਉਂਚੱਕ ਦੇ ਘਰਾਂ ਵਿਚ ਆ ਚੁੱਕਾ ਹੈ।
ਇਲਾਕੇ ਦੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਆਂ ਉਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਜਾਣ ਤਾਂ ਜੋ ਲੋਕਾਂ ਨੂੰ ਆਰਥਿਕ ਮਾਰ ਨਾ ਝੱਲਣੀ ਪਵੇ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਲ 2023 ਦੇ ਵਿਚ ਵੀ ਇਸੇ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਸਨ। ਦਰਸ਼ਨ ਸਿੰਘ ਪੁੱਤਰ ਗਿਰਧਾਰੀ ਲਾਲ, ਨੀਰਜ ਕੁਮਾਰ ਪੁੱਤਰ ਕੌਸ਼ਲ ਦੇ ਘਰਾਂ ਵਿਚ ਪਾਣੀ ਵੜ੍ਹ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਖਾਣ ਲਈ ਰੱਖੀ ਕਣਕ ਅਤੇ ਪਸ਼ੂਆਂ ਲਈ ਰੱਖੀ ਤੂੜੀ ਵੀ ਗਿੱਲੀ ਹੋ ਗਈ ਹੈ। ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਆਂ ਉਤੇ ਨਾਜਾਇਜ਼ ਕਬਜ਼ੇ ਹਟਾਏ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਰਾਹਤ ਮਿਲ ਸਕੇ। ਇਸ ਮੌਕੇ ਬਿੱਲਾ ਪਹਿਲਵਾਨ, ਨਿਸ਼ਾਨ ਸਿੰਘ, ਜਸਵਿੰਦਰ ਸਿੰਘ ਜੱਸੀ, ਸੋਨੂ ਤੇਜਪਾਲ ਸਿੰਘ, ਲਾਡੀ, ਸੱਤਾ ਜਲਾਲਚੱਕ ਤੇ ਹੋਰ ਹਾਜ਼ਰ ਸਨ।