ਹਿਮਾਚਲ 'ਚ ਭਾਰੀ ਮੀਂਹ ਕਾਰਨ ਕੁੱਲੂ 'ਚ 130 ਸੜਕਾਂ ਬੰਦ

ਨਵੀਂ ਦਿੱਲੀ, 26 ਅਗਸਤ-ਹਿਮਾਚਲ ਵਿਚ ਭਾਰੀ ਮੀਂਹ ਕਾਰਨ ਕੁੱਲੂ ਵਿਚ 130 ਸੜਕਾਂ ਬੰਦ ਹੋ ਗਈਆਂ ਹਨ ਤੇ ਰਾਜ ਭਰ ਵਿਚ 68 ਹੋਰ ਸੜਕਾਂ ਬੰਦ ਹਨ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਹਿਮਾਚਲ ਪ੍ਰਦੇਸ਼ ਵਿਚ ਤਬਾਹੀ ਮਚਾ ਦਿੱਤੀ ਹੈ, ਬਿਆਸ ਨਦੀ ਆਮ ਪੱਧਰ ਤੋਂ ਉੱਪਰ ਉੱਠ ਗਈ ਹੈ ਅਤੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਇਕੱਲੇ ਕੁੱਲੂ ਜ਼ਿਲ੍ਹੇ ਵਿਚ, ਨੁਕਸਾਨ ਕਾਰਨ 130 ਸੜਕਾਂ ਬੰਦ ਹੋ ਗਈਆਂ ਹਨ, ਜਿਸ ਨਾਲ ਰਾਸ਼ਟਰੀ ਰਾਜਮਾਰਗ-03 'ਤੇ ਸੰਪਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕੁੱਲੂ ਦੇ ਡਿਪਟੀ ਕਮਿਸ਼ਨਰ ਟੋਰੂਲ ਐਸ. ਰਵੀਸ਼ ਨੇ ਕਿਹਾ ਕਿ ਬੱਸ ਸਟੈਂਡ 'ਤੇ ਪਾਣੀ ਭਰਨ ਦੀ ਰਿਪੋਰਟ ਕੀਤੀ ਗਈ ਹੈ, ਜਦੋਂਕਿ ਬਹੰਗ ਦੇ ਨੇੜੇ ਕਈ ਰੈਸਟੋਰੈਂਟ ਅਤੇ ਦੁਕਾਨਾਂ ਵੀ ਪ੍ਰਭਾਵਿਤ ਹੋਈਆਂ ਹਨ।
ਕੁੱਲੂ ਵਿਚ ਪਿਛਲੇ 2-2.5 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਪਾਣੀ ਦਾ ਪੱਧਰ ਵਧਿਆ ਹੈ। ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਹਾਈਵੇਅ ਦੇ ਨਾਲ ਸੰਪਰਕ ਪ੍ਰਭਾਵਿਤ ਹੋਇਆ ਹੈ। ਕੁੱਲੂ ਜ਼ਿਲ੍ਹੇ ਵਿਚ 130 ਸੜਕਾਂ ਬੰਦ ਹਨ। ਬਿੰਦੂ ਢੰਕ ਵਿਖੇ ਐਨ.ਐਚ. 3 ਨੂੰ ਨੁਕਸਾਨ ਪਹੁੰਚਿਆ ਹੈ। ਕੁਝ ਰੈਸਟੋਰੈਂਟ ਅਤੇ ਦੁਕਾਨਾਂ ਪਾਣੀ ਕਾਰਨ ਪ੍ਰਭਾਵਿਤ ਹੋਈਆਂ ਹਨ।