ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਿਆ, ਯੂ.ਵੀ.ਡੀ.ਸੀ. ਨਹਿਰ 'ਚੋਂ ਨੈਸ਼ਨਲ ਹਾਈਵੇ 'ਤੇ ਆਇਆ ਪਾਣੀ

ਸੁਜਾਨਪੁਰ, 26 ਅਗਸਤ (ਜਗਦੀਪ ਸਿੰਘ)-ਪਿਛਲੇ ਕਾਫੀ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਹੈ। ਸੁਜਾਨਪੁਰ ਵਿਚੋਂ ਲੰਘਦੀ ਯੂ.ਬੀ.ਡੀ.ਸੀ. ਨਹਿਰ ਵਿਚ ਪਾਣੀ ਦਾ ਪੱਧਰ ਇੰਨਾ ਵੱਧ ਗਿਆ ਹੈ ਕਿ ਸੁਜਾਨਪੁਰ ਦੇ ਪੁਲ ਨੰਬਰ 4 ਤੋਂ ਨਹਿਰ ਦਾ ਪਾਣੀ ਨੈਸ਼ਨਲ ਹਾਈਵੇ ਉਤੇ ਆ ਗਿਆ ਹੈ ਤੇ ਇਹ ਪਾਣੀ ਨੇੜਲੇ ਘਰਾਂ ਵੱਲ ਨੂੰ ਜਾ ਰਿਹਾ ਹੈ। ਪ੍ਰਸ਼ਾਸਨ ਵਲੋਂ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।