JALANDHAR WEATHER

ਸਤਲੁਜ ਦਰਿਆ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਫਸਲਾਂ ਤੇ ਜ਼ਮੀਨਾਂ ਰੁੜ੍ਹੀਆਂ

ਮਾਛੀਵਾੜਾ ਸਾਹਿਬ, 26 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸਤਲੁਜ ਦਰਿਆ ਵਿਚ ਵਧਦੇ ਪਾਣੀ ਦੇ ਪੱਧਰ ਕਾਰਨ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਦੇ ਨਾਲ ਜ਼ਮੀਨਾਂ ਵੀ ਰੁੜ੍ਹਨ ਲੱਗੀਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਧੁੱਲੇਵਾਲ ਦੇ ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਦਰਿਆ ਅੰਦਰ 1 ਏਕੜ ਜ਼ਮੀਨ ਹੈ, ਜਿਸ ਵਿਚ ਮੱਕੀ ਦੀ ਫਸਲ ਲਗਾਈ ਹੋਈ ਹੈ। ਅੱਜ ਦਰਿਆ ਵਿਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਉਸਦੀ ਜ਼ਮੀਨ ਖੁਰਨ ਲੱਗੀ ਅਤੇ ਫਸਲਾਂ ਦਾ ਵੀ ਨੁਕਸਾਲ ਹੋਇਆ।

ਉਥੇ ਹੀ ਮੌਜੂਦ ਦੂਜੇ ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਦਰਿਆ ਅੰਦਰ ਜ਼ਮੀਨ ਵਿਚ ਪਾਪੂਲਰ ਲਗਾਏ ਹੋਏ ਹਨ ਜਿਨ੍ਹਾਂ ਨੂੰ ਪਾਣੀ ਦਾ ਤੇਜ਼ ਵਹਾਅ ਰੋੜ ਕੇ ਲੈ ਗਿਆ। ਕਿਸਾਨ ਨੇ ਦੱਸਿਆ ਕਿ ਜੋ ਕੁਝ ਪਾਪੂਲਰ ਜ਼ਮੀਨ ’ਤੇ ਬਚੇ ਹਨ, ਉਨ੍ਹਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਕੁਝ ਬਚਾਅ ਹੋ ਸਕੇ। ਉੱਧਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਵਲੋਂ ਵੀ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਵਲੋਂ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ।

ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿਚ ਕਾਫ਼ੀ ਜਗ੍ਹਾ ਹੜ੍ਹਾਂ ਦੀ ਮਾਰ ਹੋਈ ਹੈ ਅਤੇ ਮਾਛੀਵਾੜਾ ਬਲਾਕ ਅਧੀਨ ਪੈਂਦੇ ਸਤਲੁਜ ਦਰਿਆ ਵਿਚ ਵੀ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਢਿੱਲੋਂ ਨੇ ਅਪੀਲ ਕੀਤੀ ਕਿ ਪ੍ਰਸ਼ਾਸਨ ਹੁਣ ਵੀ ਹੜ੍ਹਾਂ ਦੇ ਮੱਦੇਨਜ਼ਰ ਲੋਕਾਂ ਦੀ ਜਾਨ, ਮਾਲ ਦੀ ਰੱਖਿਆ ਲਈ ਕੋਈ ਵੀ ਢਿੱਲ ਨਾ ਵਰਤੇ ਬਲਕਿ ਜਿਥੇ ਵੀ ਸਤਲੁਜ ਦਰਿਆ ਵਿਚ ਪਾਣੀ ਬੰਨ੍ਹਾਂ ਨੂੰ ਢਾਹ ਲਗਾ ਰਿਹਾ ਹੈ, ਉਥੇ 24 ਘੰਟੇ ਬਚਾਅ ਕਾਰਜ ਜਾਰੀ ਰੱਖੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਕੋਈ ਢੁੱਕਵੇਂ ਕਾਰਜ ਨਹੀਂ ਕੀਤੇ ਜਾਂਦੇ ਤਾਂ ਉਹ ਆਪਣੀ ਪਾਰਟੀ ਦੀ ਟੀਮ ਸਮੇਤ ਕਿਸਾਨਾਂ ਦੀ ਸਾਰ ਲੈਣਗੇ। ਇਸ ਮੌਕੇ ਉਨ੍ਹਾਂ ਨਾਲ ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਪੀ.ਏ. ਸੋਨੂੰ ਆਦਿ ਵੀ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ