ਪਿੰਡ ਪੰਡੋਰੀ ਵਿਖੇ ਮੋਹਲੇਧਾਰ ਬਾਰਿਸ਼ ਨਾਲ ਮਜ਼ਦੂਰ ਦਾ ਘਰ ਡਿੱਗਿਆ, ਭਾਰੀ ਨੁਕਸਾਨ

ਮਹਿਲ ਕਲਾਂ, 26 ਅਗਸਤ (ਅਵਤਾਰ ਸਿੰਘ ਅਣਖੀ)-ਪਿੰਡ ਪੰਡੋਰੀ (ਬਰਨਾਲਾ) ਵਿਖੇ ਲਗਾਤਾਰ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਨ ਇਕ ਗਰੀਬ ਮਜ਼ਦੂਰ ਦਾ ਘਰ ਡਿੱਗਣ ਦੀ ਖਬਰ ਹੈ। ਚਰਨਜੀਤ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਪੰਡੋਰੀ ਦੇ ਘਰ ਦੀ ਛੱਤ ਬਰਸਾਤ ਦੇ ਪਾਣੀ ਨਾਲ ਢਹਿ ਗਈ, ਜਦਕਿ ਕੰਧਾਂ ਵਿਚ ਵੀ ਤਰੇੜਾਂ ਪੈ ਗਈਆਂ, ਜਿਸ ਨਾਲ ਪਰਿਵਾਰ ਨੂੰ ਭਾਰੀ ਨੁਕਸਾਨ ਝੱਲਣਾ ਪਿਆ।
ਇਸ ਮੌਕੇ ਸਰਪੰਚ ਕੈਪਟਨ ਜਤਿੰਦਰਪਾਲ ਸਿੰਘ ਪੰਡੋਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਦੀ ਪੰਚਾਇਤ ਨੇ ਮੌਕੇ ਉਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਬਾਰੇ ਤੁਰੰਤ ਕੰਟਰੋਲ ਰੂਮ ਨੂੰ ਜਾਣਕਾਰੀ ਦੇਣ ਤੋਂ ਬਾਅਦ ਪੰਚਾਇਤ ਵਿਭਾਗ ਵਲੋਂ ਬੀ. ਡੀ. ਪੀ. ਓ. ਮਹਿਲ ਕਲਾਂ ਗੁਰਜਿੰਦਰ ਸਿੰਘ, ਸੈਕਟਰੀ ਗੁਰਦੀਪ ਸਿੰਘ ਵੀ ਮੌਕੇ ਉਤੇ ਪਹੁੰਚੇ। ਉਨ੍ਹਾਂ ਵਲੋਂ ਨੁਕਸਾਨ ਦੀ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਜਾ ਰਹੀ ਹੈ। ਸਮੂਹ ਨਗਰ ਨਿਵਾਸੀਆਂ ਨੇ ਵੀ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਪੀੜਤ ਮਜ਼ਦੂਰ ਚਰਨਜੀਤ ਸਿੰਘ ਨੂੰ ਮੁੜ ਵਸੇਬੇ ਲਈ ਘਰ ਬਣਾਉਣ ਦੀ ਸਹਾਇਤਾ ਤਹਿਤ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਪਰਿਵਾਰ ਨੂੰ ਛੱਤ ਮਿਲ ਸਕੇ।