JALANDHAR WEATHER

ਕਸੂਰੀ ਨਾਲੇ ਦੀ ਮਾਰ ਨੇ 7 ਪਿੰਡਾਂ ਦਾ ਸੈਂਕੜੇ ਏਕੜ ਰਕਬਾ ਡੋਬਿਆ

ਖੇਮਕਰਨ, 26 ਅਗਸਤ (ਰਾਕੇਸ਼ ਬਿੱਲਾ)-ਹਰੀਕੇ ਹੈੱਡ ਤੋਂ ਪਾਕਿਸਤਾਨ ਨੂੰ ਛੱਡੇ ਜਾ ਰਹੇ ਪਾਣੀ ਨੇ ਜਿਥੇ ਜ਼ਿਲ੍ਹਾ ਤਰਨਤਾਰਨ ਦੇ ਸਤਲੁਜ ਦਰਿਆ ਨਾਲ ਲੱਗਦੇ ਹਜ਼ਾਰਾਂ ਏਕੜ ਰਕਬੇ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ, ਉਥੇ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਚ ਸਰਹੱਦ ਨਾਲ ਵਗਦੇ ਕਸੂਰੀ ਨਾਲੇ ਨੇ ਕਰੀਬ ਸੱਤ ਪਿੰਡਾਂ ਛੱਟੀ ਜੈਮਲ ਸਿੰਘ, ਕਾਲੀਆ, ਸਕੱਤਰਾ, ਨੂਰਵਾਲਾ, ਮੱਸਤਗੜ੍ਹ, ਦੂਰਲ ਨੌ ਤੇ ਕੱਲਸ ਦੇ ਸੈਂਕੜੇ ਏਕੜ ਰਕਬੇ ਵਿਚ ਝੋਨੇ ਦੀ ਫਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਪਿੰਡ ਨੂਰਵਾਲਾ ਦੇ ਸਰਪੰਚ ਗੁਰਜੀਤ ਸਿੰਘ ਮਹਾਸ਼ਾ ਤੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਸੂਰ ਨਾਲੇ ਤੇ ਡਿਫੈਂਸ ਡਰੇਨ ਵਿਚ ਪਿਛਲੇ ਇਲਾਕਿਆਂ ਦਾ ਲਗਾਤਾਰ ਬਰਸਾਤੀ ਪਾਣੀ ਪੈਣ ਕਾਰਨ ਇਸ ਇਲਾਕੇ ਵਿਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ।

ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਡਿਫੈਂਸ ਡਰੇਨ ਤਿੰਨ ਜਗ੍ਹਾ ਤੋਂ ਟੁੱਟ ਗਈ ਹੈ, ਜਿਸ ਨਾਲ ਸਰਹੱਦ ਉਤੇ ਲੱਗੀ ਕੰਡਿਆਲੀ ਤਾਰ ਨਾਲ ਦੇ ਆਰ-ਪਾਰ ਸਾਰੀਆਂ ਜ਼ਮੀਨਾਂ ਵੀ ਡੁੱਬ ਗਈਆਂ ਹਨ। ਇਥੋਂ ਤੱਕ ਕਿ ਸਰਹੱਦ ਉਤੇ ਬੀ. ਐਸ. ਐਫ. ਦੀਆਂ ਦੋ ਸੀਮਾ ਚੌਕੀਆਂ ਨੂੰ ਜਾਣ ਵਾਲੀਆਂ ਸੜਕਾਂ ਵੀ ਪਾਣੀ ਵਿਚ ਡੁੱਬੀਆਂ ਪਈਆਂ ਹਨ। ਰਸਤੇ ਬੰਦ ਹੋ ਗਏ ਹਨ। ਪਿੰਡ ਵਾਸੀਆਂ ਅਨੁਸਾਰ ਜੇਕਰ ਕਸੂਰੀ ਨਾਲੇ ਵਿਚ ਪਾਣੀ ਦਾ ਵਹਾਅ ਨਾ ਰੁਕਿਆ ਤਾਂ ਸਰਹੱਦ ਨਾਲ ਲੱਗਦਾ ਸਾਰਾ ਇਲਾਕਾ ਤਬਾਹ ਹੋ ਜਾਵੇਗਾ। ਇਸ ਸਮੇਂ ਪਾਣੀ ਵਿਚ ਸਾਰੀਆਂ ਫਸਲਾਂ ਪੂਰੀ ਤਰ੍ਹਾਂ ਡੁੱਬੀਆਂ ਨਜ਼ਰ ਆ ਰਹੀਆਂ ਹਨ। ਪਿੰਡਾਂ ਵਾਲਿਆਂ ਲਈ ਚਾਰਾ ਕੱਟ ਕੇ ਲਿਆਉਣਾ ਵੀ ਮੁਸ਼ਕਿਲ ਹੋ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ