ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ’ਤੋਂ ਟੁੱਟਿਆ ਧੁੱਸੀ ਬੰਨ੍ਹ

ਡੇਰਾ ਬਾਬਾ ਨਾਨਕ/ਅਟਾਰੀ (ਗੁਰਦਾਸਪੁਰ/ਅੰਮ੍ਰਿਤਸਰ), 27 ਅਗਸਤ (ਹੀਰਾ ਸਿੰਘ ਮਾਂਗਟ/ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਸਾਹਿਬ ਕੋਰੀਡੋਰ ’ਤੇ ਬਣੇ ਪੁਲ ਹੇਠੋਂ ਧੁੱਸੀ ਬੰਨ੍ਹ ਟੁੱਟ ਗਿਆ ਹੈ ਤੇ ਪਾਣੀ ਕੋਰੀਡੋਰ ਚੈਕ ਪੋਸਟ ਤੇ ਖੇਤਾਂ ਵਿਚ ਵੜਨਾ ਸ਼ੁਰੂ ਹੋ ਗਿਆ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਭਾਰਤ ਵਲੋਂ ਰਾਵੀ ਦਰਿਆ ਵਿਚ ਛੱਡੇ ਗਏ ਲੋੜ ਨਾਲੋਂ ਵੱਧ ਪਾਣੀ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਦੇ ਕੁਝ ਸਾਲ ਪਹਿਲਾਂ ਬਣੇ ਨਵੇਂ ਕੰਪਲੈਕਸ ਵਿਖੇ ਸਥਿਤ ਲੰਗਰ ਘਰ, ਪਰਿਕਰਮਾ ਸਰੋਵਰ, ਸਰਾਵਾਂ ਆਦਿ ਵਿਖੇ ਪੰਜ ਤੋਂ ਸੱਤ ਸੱਤ ਫੁੱਟ ਤੱਕ ਭਰ ਗਿਆ ਹੈ।
ਰਾਵੀ ਦਰਿਆ ਦਾ ਪਾਣੀ ਆਉਣ ਕਰਕੇ ਕਾਫ਼ੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਇਥੇ ਇਹ ਵੀ ਦੱਸਣ ਯੋਗ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੂਸਰੀ ਮੰਜਿਲ ’ਤੇ ਸੁਸ਼ੋਭਿਤ ਸੰਗਤਾਂ ਦੇ ਦਰਸ਼ਨ ਦੀਦਾਰਿਆਂ ਲਈ ਸ਼ੁਰੂ ਤੋਂ ਹੀ ਕੀਤਾ ਹੋਇਆ ਹੈ, ਜਿਸ ਕਰਕੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਤੇ ਹੋਰ ਧਾਰਮਿਕ ਪੋਥੀਆਂ ਗੁਟਕਾ ਸਾਹਿਬ ਸਾਰੇ ਸੁਰੱਖਿਤ ਹਨ, ਜਿਨ੍ਹਾਂ ਦੀ ਸੇਵਾਦਾਰਾਂ ਵਲੋਂ ਪੂਰੀ ਸੇਵਾ ਸੰਭਾਲ ਕਰਦਿਆਂ ਨਿਗਰਾਨੀ ਕੀਤੀ ਜਾ ਰਹੀ ਹੈ।