ਹਰੀਕੇ ਹੈੱਡ ਵਰਕਸ ਵਿਚ ਪਾਣੀ ਦੀ ਆਮਦ 2 ਲੱਖ 73 ਹਜ਼ਾਰ ਕਿਊਸਿਕ, ਖ਼ਤਰਾ ਬਰਕਰਾਰ

ਹਰੀਕੇ ਪੱਤਣ, ਮੱਖੂ (ਤਰਨਤਾਰਨ/ਫ਼ਿਰੋਜ਼ਪੁਰ), 27 ਅਗਸਤ (ਸੰਜੀਵ ਕੁੰਦਰਾ, ਕੁਲਵਿੰਦਰ ਸਿੰਘ ਸੰਧੂ)- ਬਾਰਿਸ਼ਾਂ ਇਸ ਵਾਰ ਆਫ਼ਤ ਬਣ ਕੇ ਆਈ ਹੈ। ਹੜ੍ਹਾਂ ਦੇ ਪਾਣੀ ਨੇ ਹਰ ਪਾਸੇ ਤਰਥੱਲੀ ਮਚਾਈ ਹੋਈ ਹੈ। ਹੜਾਂ ਦੀ ਮਾਰ ਝੱਲ ਰਹੇ ਲੋਕ ਘਰੋਂ ਬੇਘਰ ਹੋ ਗਏ ਹਨ। ਉਪਰੋਂ ਹੋ ਰਹੀ ਜ਼ੋਰਦਾਰ ਬਾਰਿਸ਼ ਨੇ ਇੰਨਾ ਲੋਕਾਂ ਦੀਆਂ ਮੁਸੀਬਤਾਂ ਹੋਰ ਵਧਾ ਦਿੱਤੀਆਂ ਹਨ। ਬਿਆਸ ਸਤਲੁਜ ਦਰਿਆਵਾਂ ਦਾ ਸੰਗਮ ਹਰੀਕੇ ਹੈੱਡਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਪਾਣੀ ਨੇ ਹਰੀਕੇ ਹਥਾੜ ਖੇਤਰ ਵਿਚ ਤਬਾਹੀ ਕਰ ਦਿੱਤੀ ਹੈ। ਹਜ਼ਾਰਾਂ ਏਕੜ ਫਸਲ ਹੜ੍ਹਾਂ ਦੀ ਭੇਂਟ ਚੜ੍ਹ ਚੁੱਕੀ ਹੈ।
ਲੋਕਾਂ ਦੇ ਘਰ ਪਾਣੀ ਦੀ ਲਪੇਟ ਵਿਚ ਹਨ। ਹਰੀਕੇ ਹੈੱਡ ਵਰਕਸ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 7 ਵਜੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ ਪਾਣੀ ਦੀ ਆਮਦ 2 ਲੱਖ 73 ਹਜ਼ਾਰ ਕਿਊਸਿਕ ਸੀ, ਜਿਸ ਵਿਚੋਂ ਡਾਊਨ ਸਟਰੀਮ ਨੂੰ 2 ਲੱਖ 60 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਵਿਭਾਗ ਮੁਤਾਬਕ ਬੀਤੇ ਕੱਲ੍ਹ ਸ਼ਾਮ 3 ਵਜੇ ਤੋਂ ਪਾਣੀ ਦਾ ਪੱਧਰ ਟਿਕਿਆ ਹੋਇਆ ਹੈ। ਨਾ ਤਾਂ ਪਾਣੀ ਵਧਿਆ ਹੈ ਤੇ ਨਾ ਘਟਿਆ ਹੋਇਆ ਹੈ। ਹੈਡ ਵਰਕਸ ਦੇ 31 ਦੇ 31 ਗੇਟ ਖੋਲ੍ਹੇ ਗਏ ਹਨ ਤੇ ਜਿਸ ਤੇਜ਼ ਵਹਾਅ ਨਾਲ ਪਾਣੀ ਵਹਿ ਰਿਹਾ ਹੈ ਪਰ ਖ਼ਤਰਾ ਅਜੇ ਬਰਕਰਾਰ ਹੈ।