ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਵਿਰੁੱਧ ਬੇਭਰੋਸਗੀ ਮਤਾ ਪਾਸ

ਰੂਪਨਗਰ, 27 ਅਗਸਤ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਵਿਰੁੱਧ ਅੱਜ ਬੁਲਾਈ ਗਈ ਵਿਸ਼ੇਸ਼ ਮੀਟਿੰਗ ਵਿਚ ਬੇਭਰੋਸੇ ਦਾ ਮਤਾ ਸਹਿਮਤੀ ਨਾਲ ਪਾਸ ਹੋ ਗਿਆ। ਮੀਟਿੰਗ ਵਿਚ ਕੁੱਲ 18 ਕੌਂਸਲਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ 16 ਕਾਂਗਰਸ ਤੇ 2 ਆਜ਼ਾਦ ਕੌਂਸਲਰ (ਆਮ ਆਦਮੀ ਪਾਰਟੀ ਦੇ ਸਮਰਥਕ) ਸ਼ਾਮਿਲ ਸਨ। ਸਭ ਨੇ ਹੱਥ ਖੜ੍ਹੇ ਕਰਕੇ ਮਤਾ ਪਾਸ ਕਰ ਦਿੱਤਾ। ਸੰਜੇ ਵਰਮਾ ਖੁਦ ਅਤੇ ਅਕਾਲੀ ਦਲ ਦੀ ਕੌਂਸਲਰ ਇਕਬਾਲ ਕੌਰ ਮੱਕੜ ਮੀਟਿੰਗ ਵਿਚ ਸ਼ਾਮਿਲ ਨਹੀਂ ਹੋਏ। ਕਾਂਗਰਸੀ ਕੌਂਸਲਰਾਂ ਦਾ ਕਹਿਣਾ ਹੈ ਕਿ ਵਰਮਾ ਦੀ ਅਗਵਾਈ ਹੇਠ ਨਗਰ ਕੌਂਸਲ ਦੀ ਕਾਰਗੁਜ਼ਾਰੀ ਠੱਪ ਹੋ ਗਈ ਸੀ, ਇਸ ਲਈ ਇਹ ਕਦਮ ਚੁੱਕਣਾ ਲਾਜ਼ਮੀ ਬਣ ਗਿਆ ਸੀ।