ਮੰਤਰੀ ਮੰਡਲ ਨੇ ਗੁਜਰਾਤ, ਕਰਨਾਟਕ, ਤੇਲੰਗਾਨਾ, ਬਿਹਾਰ ਅਤੇ ਅਸਾਮ ਵਿਚ 12,328 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟਾਂ ਨੂੰ ਦਿੱਤੀ ਪ੍ਰਵਾਨਗੀ

ਨਵੀਂ ਦਿੱਲੀ , 27 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਲਗਭਗ 12,328 ਕਰੋੜ ਰੁਪਏ ਦੇ ਚਾਰ ਵੱਡੇ ਰੇਲਵੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ, ਜਿਸ ਦਾ ਉਦੇਸ਼ ਸੰਪਰਕ, ਮਾਲ ਢੋਆ-ਢੁਆਈ ਅਤੇ ਖੇਤਰੀ ਵਿਕਾਸ ਨੂੰ ਵਧਾਉਣਾ ਹੈ। ਪ੍ਰੋਜੈਕਟਾਂ ਵਿਚ ਗੁਜਰਾਤ ਦੇ ਕੱਛ ਖੇਤਰ ਵਿਚ ਇਕ ਨਵੀਂ ਰੇਲ ਲਾਈਨ ਅਤੇ ਕਰਨਾਟਕ, ਤੇਲੰਗਾਨਾ, ਬਿਹਾਰ ਅਤੇ ਅਸਾਮ ਵਿੱਚ ਮਲਟੀ-ਟਰੈਕਿੰਗ ਕਾਰਜ ਸ਼ਾਮਿਲ ਹਨ।
ਨਵੀਂ ਦੇਸ਼ਲਪਰ-ਹਾਜੀਪੀਰ-ਲੂਣਾ ਅਤੇ ਵਾਇਓਰ-ਲਖਪਤ ਰੇਲ ਲਾਈਨ ਕੱਛ ਜ਼ਿਲ੍ਹੇ ਦੇ ਦੂਰ-ਦੁਰਾਡੇ ਖੇਤਰਾਂ ਨੂੰ ਰੇਲ ਸੰਪਰਕ ਪ੍ਰਦਾਨ ਕਰੇਗੀ। 2,526 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਗੁਜਰਾਤ ਵਿਚ ਰੇਲਵੇ ਨੈੱਟਵਰਕ ਵਿਚ 145 ਰੂਟ ਕਿਲੋਮੀਟਰ ਅਤੇ 164 ਟਰੈਕ ਕਿਲੋਮੀਟਰ ਜੋੜੇਗਾ ਅਤੇ ਤਿੰਨ ਸਾਲਾਂ ਵਿਚ ਪੂਰਾ ਹੋਣ ਦੀ ਉਮੀਦ ਹੈ। ਇਹ ਨਾ ਸਿਰਫ਼ ਨਮਕ, ਸੀਮਿੰਟ, ਕੋਲਾ, ਕਲਿੰਕਰ ਅਤੇ ਬੈਂਟੋਨਾਈਟ ਦੀ ਆਵਾਜਾਈ ਦੀ ਸਹੂਲਤ ਦੇਵੇਗਾ ਬਲਕਿ ਕੱਛ ਦੇ ਰਣ, ਹੜੱਪਾ ਸਥਾਨ ਧੋਲਾਵੀਰਾ, ਕੋਟੇਸ਼ਵਰ ਮੰਦਰ, ਨਾਰਾਇਣ ਸਰੋਵਰ ਅਤੇ ਲਖਪਤ ਕਿਲ੍ਹੇ ਨੂੰ ਜੋੜ ਕੇ ਸੈਰ-ਸਪਾਟੇ ਨੂੰ ਵੀ ਵੱਡਾ ਹੁਲਾਰਾ ਦੇਵੇਗਾ। ਕੁੱਲ 13 ਨਵੇਂ ਸਟੇਸ਼ਨ ਬਣਾਏ ਜਾਣਗੇ, ਜਿਸ ਨਾਲ 866 ਪਿੰਡਾਂ ਅਤੇ ਲਗਭਗ 16 ਲੱਖ ਲੋਕਾਂ ਨੂੰ ਲਾਭ ਹੋਵੇਗਾ।