ਗੁ: ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਸੈਂਕੜੇ ਸ਼ਰਧਾਲੂ ਪਾਕਿ ਆਰਮੀ ਨੇ ਹੈਲੀਕਾਪਟਰ ਤੇ ਬੇੜਿਆਂ ਰਾਹੀਂ ਸੁਰੱਖਿਅਤ ਬਾਹਰ ਕੱਢੇ

ਅਟਾਰੀ, ਅੰਮ੍ਰਿਤਸਰ, 27 ਅਗਸਤ (ਰਾਜਿੰਦਰ ਸਿੰਘ ਰੂਬੀ,ਗੁਰਦੀਪ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਬੀਤੀ ਦੇਰ ਰਾਤ ਵਲੋਂ ਛੱਡੇ ਗਏ ਰਾਵੀ ਦਰਿਆ ਵਿਚ ਪਾਣੀ ਕਾਰਨ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਦੀਦਾਰਿਆਂ ਲਈ ਆਏ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਦੇ ਸਿੰਧੀ ਸਿੱਖ ਸ਼ਰਧਾਲੂ ਜੋ ਕਿ 100 ਤੋਂ ਵਧੇਰੇ ਸਨ, ਨੂੰ ਅੱਜ ਪਾਕਿਸਤਾਨ ਦੇ ਕੇਂਦਰੀ ਮੰਤਰੀ ਐਸਰ ਇਕਬਾਲ ਦੇ ਆਦੇਸ਼ਾਂ ਉਤੇ ਪਾਕਿਸਤਾਨ ਆਰਮੀ ਨੇ ਪਾਕਿ ਆਰਮੀ ਦੇ ਹੈਲੀਕਾਪਟਰ ਅਤੇ ਵਿਸ਼ੇਸ਼ ਬੇੜਿਆਂ ਰਾਹੀਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਇਸ ਸਮੇਂ ਵੀ ਪੰਜ ਤੋਂ ਸੱਤ ਫੁੱਟ ਤੋਂ ਵਧੇਰੇ ਪਾਣੀ ਦਾ ਵਹਾਅ ਚੱਲ ਰਿਹਾ ਹੈ, ਜਿਸ ਤੇ ਚਲਦਿਆਂ ਅਨੇਕਾਂ ਸਿੰਧੀ ਸਿੱਖ ਸ਼ਰਧਾਲੂ ਜੋ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪਿਛਲੇ ਇਕ ਦੋ ਦਿਨ ਤੋਂ ਆਏ ਸਨ, ਉਹ ਇਸ ਪਾਣੀ ਦੀ ਮਾਰ ਹੇਠ ਆਉਂਦੇ ਹੋਏ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਅੰਦਰ ਹੀ ਫਸੇ ਹੋਏ ਸਨ ਜਿਨ੍ਹਾਂ ਨੂੰ ਸੁਰੱਖਿਅਤ ਜਗ੍ਹਾਵਾਂ ਉਤੇ ਲੈ ਕੇ ਜਾਣ ਲਈ ਪਾਕਿਸਤਾਨ ਆਰਮੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਉਨ੍ਹਾਂ ਨੂੰ ਕੱਢਿਆ ਜਾ ਰਿਹਾ ਹੈ।