ਖਰ ਲਾਂਡਰਾ ਰੋਡ 'ਤੇ ਸਥਿਤ ਫਲੈਟ ਦੇ ਤੀਜੇ ਫਲੌਰ 'ਤੇ ਸਿਲੰਡਰ ਬਲਾਸਟ, 2 ਜ਼ਖਮੀ

ਖਰੜ, 30 ਅਗਸਤ (ਜੰਡਪੁਰੀ)-ਖਰ ਲਾਂਡਰਾ ਰੋਡ ਉਤੇ ਸਥਿਤ ਐਸ.ਵੀ.ਪੀ. ਨੌਰਥ ਵੈਲੀ ਦੇ ਟਾਊਨ ਨੰ. ਪੰਜ ਫਲੈਟ 323 ਤੀਜੀ ਮੰਜ਼ਿਲ ਉਤੇ ਇਕ ਘਰ ਵਿਚ ਸਿਲੰਡਰ ਫਟਣ ਨਾਲ ਬਲਾਸਟ ਹੋ ਗਿਆ, ਜਿਸ ਨਾਲ 2 ਵਿਅਕਤੀਆਂ ਦੇ ਝੁਲਸੇ ਜਾਣ ਦੀ ਖਬਰ ਮਿਲੀ ਹੈ। ਫਾਇਰ ਬ੍ਰਿਗੇਡ ਦੀ ਟੀਮ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ ਹੈ। ਇਸ ਸਬੰਧੀ ਨੌਰਥ ਵੈਲੀ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਫਾਇਰ ਬ੍ਰਿਗੇਡ ਅਫਸਰ ਨੇ ਦੱਸਿਆ ਕਿ ਜਦੋਂ ਘਟਨਾ ਦਾ ਪਤਾ ਲੱਗਾ ਤਾਂ ਤੁਰੰਤ ਗੱਡੀਆਂ ਭੇਜ ਦਿੱਤੀਆਂ ਪਰ ਉਨ੍ਹਾਂ ਨੂੰ ਖਰੜ ਲਾਂਡਰਾ ਰੋਡ ਦੀ ਹਾਲਤ ਮਾੜੀ ਹੋਣ ਕਰਕੇ ਗੱਡੀਆਂ ਹੋਰ ਪਾਸੇ ਨੂੰ ਘੁੰਮਾ ਕੇ ਲੈ ਕੇ ਆਉਣੀਆਂ ਪਈਆਂ, ਇਸ ਦੇ ਨਾਲ ਹੀ ਉਨ੍ਹਾਂ ਨੇ ਮੋਹਾਲੀ ਫਾਇਰ ਸਟੇਸ਼ਨ ਨੂੰ ਫੋਨ ਕੀਤਾ। ਐਸ.ਵੀ.ਪੀ. ਨੌਰਥ ਵੈਲੀ ਦੇ ਟਾਵਰ ਨੰਬਰ ਪੰਜ ਫਲੈਟ ਨੰਬਰ ਤਿੰਨ ਦੀ ਤੀਜੀ ਮੰਜ਼ਿਲ ਉਤੇ ਫਲੈਟ ਵਿਚ ਅੱਜ ਸਵੇਰੇ ਸਿਲੰਡਰ ਬਲਾਸਟ ਹੋ ਗਿਆ। ਇਸ ਵਿਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਲੋਕਾਂ ਮੁਤਾਬਕ ਉਨ੍ਹਾਂ ਨੂੰ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭੇਜਿਆ ਗਿਆ ਹੈ। ਘਰ ਦਾ ਸਾਰਾ ਸਾਮਾਨ ਵੀ ਸੜ ਗਿਆ।