ਸਰਹੱਦ 'ਤੇ ਫ਼ੌਜਾਂ ਦੀ ਵਾਪਸੀ ਤੋਂ ਬਾਅਦ, ਭਾਰਤ ਅਤੇ ਚੀਨ ਵਿਚਕਾਰ ਸ਼ਾਂਤੀ ਅਤੇ ਸਥਿਰਤਾ ਦਾ ਮਾਹੌਲ ਬਣਿਆ ਹੈ - ਪ੍ਰਧਾਨ ਮੰਤਰੀ ਮੋਦੀ

ਤਿਆਨਜਿਨ (ਚੀਨ), 31 ਅਗਸਤ - ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਪਣੀ ਦੁਵੱਲੀ ਮੁਲਾਕਾਤ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਪਿਛਲੇ ਸਾਲ ਕਜ਼ਾਨ ਵਿਚ, ਸਾਡੀ ਬਹੁਤ ਫਲਦਾਇਕ ਚਰਚਾ ਹੋਈ ਸੀ ਜਿਸ ਨੇ ਸਾਡੇ ਸੰਬੰਧਾਂ ਨੂੰ ਸਕਾਰਾਤਮਕ ਦਿਸ਼ਾ ਦਿੱਤੀ। ਸਰਹੱਦ 'ਤੇ ਫ਼ੌਜਾਂ ਦੀ ਵਾਪਸੀ ਤੋਂ ਬਾਅਦ, ਸ਼ਾਂਤੀ ਅਤੇ ਸਥਿਰਤਾ ਦਾ ਮਾਹੌਲ ਬਣਿਆ ਹੈ।"
ਉਨਾਂ ਕਿਹਾ, "ਸਰਹੱਦ ਪ੍ਰਬੰਧਨ ਸੰਬੰਧੀ ਸਾਡੇ ਵਿਸ਼ੇਸ਼ ਪ੍ਰਤੀਨਿਧੀਆਂ ਵਿਚਕਾਰ ਇਕ ਸਮਝੌਤਾ ਹੋਇਆ ਹੈ। ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਹੋ ਗਈ ਹੈ। ਦੋਵਾਂ ਦੇਸ਼ਾਂ ਵਿਚਕਾਰ ਸਿੱਧੀਆਂ ਉਡਾਣਾਂ ਵੀ ਮੁੜ ਸ਼ੁਰੂ ਹੋ ਰਹੀਆਂ ਹਨ। ਦੋਵਾਂ ਦੇਸ਼ਾਂ ਦੇ 2.8 ਅਰਬ ਲੋਕਾਂ ਦੇ ਹਿੱਤ ਸਾਡੇ ਸਹਿਯੋਗ ਨਾਲ ਜੁੜੇ ਹੋਏ ਹਨ। ਇਹ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਵੀ ਰਾਹ ਪੱਧਰਾ ਕਰੇਗਾ। ਅਸੀਂ ਆਪਸੀ ਵਿਸ਼ਵਾਸ, ਸਤਿਕਾਰ ਅਤੇ ਸੰਵੇਦਨਸ਼ੀਲਤਾ ਦੇ ਆਧਾਰ 'ਤੇ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ।"