ਬਿਆਸ ਦਰਿਆ ਦਾ ਕਹਿਰ, ਪਿੰਡ ਕਿੜੀਆਂ ਦੀ ਦਰਜਨਾਂ ਏਕੜ ਜ਼ਮੀਨ ਰੋੜ ਕੇ ਲੈ ਗਿਆ ਤੇਜ਼ ਵਹਾਅ

ਹਰੀਕੇ ਪੱਤਣ (ਤਰਨਤਾਰਨ), 1 ਸਤੰਬਰ (ਸੰਜੀਵ ਕੁੰਦਰਾ)- ਬਿਆਸ ਦਰਿਆ ਦਾ ਤਾਂਡਵ ਰੁਕ ਨਹੀਂ ਰਿਹਾ ਜਿਥੇ ਹੜ੍ਹਾਂ ਦਾ ਕਹਿਰ ਜਾਰੀ ਹੈ ਤੇ ਉੱਥੇ ਮੀਂਹ ਦਾ ਦੌਰ ਦੁਬਾਰਾ ਸ਼ੁਰੂ ਹੋਣ ਨਾਲ ਹਾਲਾਤ ਬਦ ਤੋਂ ਬਦਤਰ ਹਨ। ਕਸਬਾ ਹਰੀਕੇ ਪੱਤਣ ਨਜ਼ਦੀਕ ਬਿਆਸ ਦਰਿਆ ਕਿਨਾਰੇ ਪੈਂਦੇ ਪਿੰਡ ਕਿੜੀਆਂ ਵਿਚ ਬਿਆਸ ਦਰਿਆ ਦੀ ਮਾਰ ਕਾਰਨ ਦਰਜਨਾਂ ਏਕੜ ਜ਼ਮੀਨ ਪਾਣੀ ਵਿਚ ਜਲ ਮਗਨ ਹੋ ਗਈ। ਰਹਿੰਦੀ ਜ਼ਮੀਨ ਨੂੰ ਬਚਾਉਣ ਲਈ ਬਿਪਤਾ ਦੇ ਮਾਰੇ ਕਿਸਾਨ ਹੱਥ ਪੈਰ ਮਾਰ ਰਹੇ ਹਨ ਪਰ ਪਾਣੀ ਦੇ ਤੇਜ਼ ਵਹਾਅ ਅੱਗੇ ਉਨ੍ਹਾਂ ਦਾ ਵੱਸ ਨਹੀਂ ਚੱਲ ਰਿਹਾ।
ਇਸ ਮੌਕੇ ਕਿਸਾਨ ਮਨਜੀਤ ਸਿੰਘ, ਛਿੰਦਾ ਸਿੰਘ ਬਚਿੱਤਰ ਸਿੰਘ ਆਦਿ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਬਿਆਸ ਦਰਿਆ ਦਾ ਪਾਣੀ ਸਾਡੀ ਜ਼ਮੀਨ ਨੂੰ ਵਹਾਅ ਕੇ ਲਈ ਜਾ ਰਿਹਾ ਹੈ ਹੁਣ ਤੱਕ 15 ਕਿਸਾਨਾਂ ਦੀ ਦਰਜਨਾਂ ਏਕੜ ਜ਼ਮੀਨ ਦਰਿਆ ਨੇ ਆਪਣੇ ਵਿਚ ਸਮਾ ਲਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰ ਅਪੀਲ ਕੀਤੀ ਪਰ ਸਾਡੀ ਸਾਰ ਲੈਣ ਕੋਈ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਇਹ ਮਾਰ ਅਜੇ ਵੀ ਜਾਰੀ ਹੈ। ਪਿੰਡ ਵਾਸੀਆਂ ਨੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਅਤੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾਵੇ ਅਤੇ ਇਥੇ ਸੰਗਤਾਂ ਨੂੰ ਨਾਲ ਲੈ ਕੇ ਕੇ ਪਹੁੰਚਣ ਤਾਂ ਜੋ ਲੱਗ ਰਹੀ ਢਾਹ ਰੁੱਕ ਸਕੇ।