ਸਾਂਸਦ ਸਤਨਾਮ ਸਿੰਘ ਸੰਧੂ ਵਲੋਂ ਡੱਡੂਮਾਜਰਾ ਤੇ ਧਨਾਸ ਦਾ ਦੌਰਾ, ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਚੰਡੀਗੜ੍ਹ, 4 ਸਤੰਬਰ-ਪਟਿਆਲਾ ਕੀ ਰਾਓ ਚੋਅ ਵਿਚ ਆਏ ਹੜ੍ਹ ਕਾਰਨ ਪਿੰਡ ਡੱਡੂਮਾਜਰਾ ਅਤੇ ਧਨਾਸ ਦੇ ਕਿਸਾਨਾਂ ਦੀਆਂ ਫਸਲਾਂ ਅਤੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ। ਇਸ ਸਥਿਤੀ ਦਾ ਅੰਦਾਜ਼ਾ ਲੈਣ ਲਈ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਅੱਜ ਪੀੜਤ ਪਿੰਡਾਂ ਦਾ ਦੌਰਾ ਕੀਤਾ। ਸੰਧੂ ਨੇ ਟਰੈਕਟਰ ਰਾਹੀਂ ਖੇਤਾਂ ਵਿਚ ਪਹੁੰਚ ਕੇ ਚੋਅ ਟੁੱਟਣ ਅਤੇ ਡੀਸਿਲਟਿੰਗ ਨਾ ਹੋਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਪਿੰਡਾਂ ਦੇ ਆਗੂ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਅਤੇ ਸਮਾਜਸੇਵੀ ਸਤਿੰਦਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਦੱਸਿਆ ਕਿ ਕਈ ਏਕੜਾਂ ‘ਚ ਖੜ੍ਹੀ ਧਾਨ ਅਤੇ ਮੱਕੀ ਦੀ ਫਸਲ ਤਬਾਹ ਹੋ ਗਈ ਹੈ, ਚਾਰੇ ਦੀ ਕਮੀ ਕਾਰਨ ਪਸ਼ੂਆਂ ਦੀ ਸਾਂਭ ਮੁਸ਼ਕਿਲ ਹੋ ਗਈ ਹੈ ਅਤੇ ਕਈ ਘਰਾਂ ਵਿਚ ਪਾਣੀ ਦਾਖਲ ਹੋਣ ਨਾਲ ਲੋਕ ਬੇਘਰ ਹੋਏ ਹਨ।
ਪਟਿਆਲਾ ਕੀ ਰਾਓ ਚੋਅ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਵਰਖਾ ਦਾ ਪਾਣੀ ਬਹਤ ਹੈ ਪਰ ਡੀਸਿਲਟਿੰਗ ਅਤੇ ਮੁਰੰਮਤ ਸਮੇਂ-ਸਿਰ ਨਾ ਹੋਣ ਕਾਰਨ ਹਰ ਸਾਲ ਹੜ੍ਹ ਦੀ ਸਮੱਸਿਆ ਵਧਦੀ ਜਾ ਰਹੀ ਹੈ। ਵਿਸ਼ੇਸ਼ ਜਾਣਕਾਰੀ ਅਨੁਸਾਰ, ਜੇਕਰ ਇਸ ਦਾ ਪੱਕਾ ਹੱਲ ਨਾ ਲੱਭਿਆ ਗਿਆ ਤਾਂ ਅਗਲੇ ਸਾਲਾਂ ਵਿਚ ਕਿਸਾਨਾਂ ਨੂੰ ਹੋਰ ਵੀ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਮੌਕੇ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਿਰਫ਼ ਤੁਰੰਤ ਰਾਹਤ ਹੀ ਨਹੀਂ, ਬਲਕਿ ਇਕ ਲੰਬੇ ਸਮੇਂ ਦਾ ਸਥਾਈ ਹੱਲ ਲਿਆਉਣਾ ਲਾਜ਼ਮੀ ਹੈ। ਮੈਂ ਕੇਂਦਰ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਇਹ ਯਕੀਨੀ ਬਣਾਵਾਂਗਾ ਕਿ ਪਟਿਆਲਾ ਕੀ ਰਾਓ ਚੋਅ ਦੀ ਨਿਯਮਿਤ ਡੀਸਿਲਟਿੰਗ ਹੋਵੇ। ਮਜ਼ਬੂਤ ਬੰਨ੍ਹ ਬਣਾਏ ਜਾਣ ਅਤੇ ਪ੍ਰਭਾਵਿਤ ਪਿੰਡਾਂ ਦੀ ਆਵਾਜਾਈ ਲਈ ਨਵੇਂ ਪੁਲ ਅਤੇ ਰਸਤੇ ਤਿਆਰ ਕੀਤੇ ਜਾਣ। ਉਨ੍ਹਾਂ ਨੇ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜ਼ੇ ਅਤੇ ਰਾਹਤ ਸਮੱਗਰੀ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ।