ਰਾਸ਼ਟਰਪਤੀ ਟਰੰਪ ਦੀਆਂ ਭਾਵਨਾਵਾਂ ਦੀ ਦਿਲੋਂ ਕਰਦਾ ਹਾਂ ਕਦਰ- ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 6 ਸਤੰਬਰ- ਰੂਸੀ ਤੇਲ ’ਤੇ ਟੈਰਿਫ ਅਤੇ ਖਰੀਦ ਨੂੰ ਲੈ ਕੇ ਅਮਰੀਕਾ ਅਤੇ ਭਾਰਤ ਦੇ ਸੰਬੰਧਾਂ ਵਿਚ ਤਣਾਅ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਇਕ ਖਾਸ ਰਿਸ਼ਤਾ ਹੈ। ਮੈਂ ਹਮੇਸ਼ਾ ਪ੍ਰਧਾਨ ਮੰਤਰੀ ਮੋਦੀ ਦਾ ਦੋਸਤ ਰਹਾਂਗਾ, ਉਹ ਇਕ ਮਹਾਨ ਪ੍ਰਧਾਨ ਮੰਤਰੀ ਹਨ।
ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ’ਤੇ ਜਵਾਬ ਦਿੱਤਾ ਹੈ ਅਤੇ ਇਸ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਅਸੀਂ ਰਾਸ਼ਟਰਪਤੀ ਟਰੰਪ ਦੀਆਂ ਭਾਵਨਾਵਾਂ ਅਤੇ ਸਾਡੇ ਸੰਬੰਧਾਂ ਦੇ ਸਕਾਰਾਤਮਕ ਮੁਲਾਂਕਣ ਦੀ ਦਿਲੋਂ ਕਦਰ ਕਰਦੇ ਹਾਂ। ਅਸੀਂ ਉਨ੍ਹਾਂ ਦਾ ਪੂਰਾ ਸਮਰਥਨ ਕਰਦੇ ਹਾਂ। ਭਾਰਤ ਅਤੇ ਅਮਰੀਕਾ ਦੀ ਇਕ ਬਹੁਤ ਹੀ ਸਕਾਰਾਤਮਕ, ਦੂਰਦਰਸ਼ੀ ਵਿਆਪਕ ਅਤੇ ਵਿਸ਼ਵਵਿਆਪੀ ਰਣਨੀਤਕ ਭਾਈਵਾਲੀ ਹੈ।
ਇਸ ਤੋਂ ਪਹਿਲਾਂ ਇਕ ਟਰੂਥ ਸੋਸ਼ਲ ਪੋਸਟ ਵਿਚ, ਟਰੰਪ ਨੇ ਇਕ ਪੁਰਾਣੀ ਫੋਟੋ ਸਾਂਝੀ ਕੀਤੀ ਸੀ ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਨੇਤਾ ਸ਼ੀ ਜਿਨਪਿੰਗ ਨਾਲ ਦਿਖਾਈ ਦੇ ਰਹੇ ਸਨ। ਇਸ ਪੋਸਟ ਦੇ ਨਾਲ ਟਰੰਪ ਨੇ ਲਿਖਿਆ ਸੀ ਕਿ ਲੱਗਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਨੂੰ ਚੀਨ ਤੋਂ ਗੁਆ ਦਿੱਤਾ ਹੈ। ਉਨ੍ਹਾਂ ਦਾ ਭਵਿੱਖ ਲੰਮਾ ਅਤੇ ਖੁਸ਼ਹਾਲ ਹੋਵੇ।
ਬਾਅਦ ਵਿਚ ਇਸ ਪੋਸਟ ਦੇ ਜਵਾਬ ਵਿਚ ਟਰੰਪ ਨੇ ਲਿਖਿਆ ਕਿ ਮੈਂ ਬਹੁਤ ਨਿਰਾਸ਼ ਹਾਂ ਕਿ ਭਾਰਤ ਰੂਸ ਤੋਂ ਇੰਨਾ ਤੇਲ ਖਰੀਦੇਗਾ। ਅਸੀਂ ਭਾਰਤ ’ਤੇ ਬਹੁਤ ਉੱਚਾ ਟੈਰਿਫ ਲਗਾਇਆ ਹੈ, 50 ਪ੍ਰਤੀਸ਼ਤ ਟੈਰਿਫ। ਮੇਰੇ ਪ੍ਰਧਾਨ ਮੰਤਰੀ ਮੋਦੀ ਨਾਲ ਬਹੁਤ ਚੰਗੇ ਸੰਬੰਧ ਹਨ, ਉਹ ਬਹੁਤ ਚੰਗੇ ਹਨ। ਉਹ ਕੁਝ ਮਹੀਨੇ ਪਹਿਲਾਂ ਇਥੇ ਆਏ ਸਨ।