ਮਰਹੂਮ ਡਾ. ਜਸਵਿੰਦਰ ਭੱਲਾ ਦੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਕੰਮੇਵਾਲ ਤੇ ਬਾਘੂਵਾਲ ਦਾ ਦੌਰਾ

ਕਪੂਰਥਲਾ, 6 ਸਤੰਬਰ (ਅਮਰਜੀਤ ਕੋਮਲ)-ਉੱਘੇ ਅਦਾਕਾਰ ਤੇ ਕਾਮੇਡੀਅਨ ਮਰਹੂਮ ਡਾ. ਜਸਵਿੰਦਰ ਭੱਲਾ ਦੀ ਟੀਮ ਵਲੋਂ ਅੱਜ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਕੰਮੇਵਾਲ ਤੇ ਬਾਘੂਵਾਲ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਟੀਮ ਵਿਚ ਸ਼ਾਮਿਲ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਤੇ ਉੱਘੇ ਕਾਮੇਡੀਅਨ ਬਾਲ ਮੁਕੰਦ ਸ਼ਰਮਾ, ਡਾ. ਜਸਵਿੰਦਰ ਭੱਲਾ ਦੇ ਪੁੱਤਰ ਅਦਾਕਾਰ ਪੁਖਰਾਜ ਭੱਲਾ, ਨੂੰਹ ਦੀਸ਼ੂ ਭੱਲਾ, ਪੁੱਤਰੀ ਜੀਨੰ ਭੱਲਾ, ਸ਼੍ਰੀਮਤੀ ਸੁਸ਼ੀਲ ਸ਼ਰਮਾ ਤੋਂ ਇਲਾਵਾ ਪੰਜਾਬ ਦੇ ਟਾਊਨ ਪਲੈਨਿੰਗ ਵਿਭਾਗ ਦੇ ਸੇਵਾ-ਮੁਕਤ ਡਾਇਰੈਕਟਰ ਐਮ.ਐਸ. ਔਜਲਾ, ਜੋਤੀ ਪ੍ਰਕਾਸ਼, ਕਾਮੇਡੀਅਨ ਦੀਪਕ ਰਾਜਾ, ਨਵਦੀਪ ਸਿੰਘ ਸੂਜੋਕਾਲੀਆ ਤੇ ਟੀਮ ਦੇ ਹੋਰ ਮੈਂਬਰਾਂ ਨੇ ਹੜ੍ਹ ਪ੍ਰਭਾਵਿਤ ਪਿੰਡ ਕੰਮੇਵਾਲ ਤੇ ਬਾਘੂਵਾਲ ਦੇ ਲੋਕਾਂ ਨੂੰ ਦਵਾਈਆਂ, ਪਾਣੀ, ਬਰੈੱਡ ਤੇ ਹੋਰ ਲੋੜੀਂਦੀ ਸਮੱਗਰੀ ਤਕਸੀਮ ਕੀਤੀ।
ਲੋਕਾਂ ਵਲੋਂ ਕੀਤੀ ਗਈ ਮੰਗ 'ਤੇ ਬਾਲ ਮੁਕੰਦ ਸ਼ਰਮਾ ਤੇ ਪੁਖਰਾਜ ਭੱਲਾ ਨੇ ਭਰੋਸਾ ਦਿਵਾਇਆ ਕਿ ਦੋਵਾਂ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕਣਕ ਦਾ ਬੀਜ ਤੇ ਡਾਇਆ ਖਾਦ ਅਗਲੇ ਮਹੀਨੇ ਮੁਹੱਈਆ ਕਰਵਾਈ ਜਾਵੇਗੀ ਤੇ ਉਨ੍ਹਾਂ ਦੇ ਪਸ਼ੂਧਨ ਲਈ ਅਗਲੇ ਦੋ ਮਹੀਨਿਆਂ ਦੀ ਫੀਡ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਮਾਰਕਫੈੱਡ ਦੇ ਫੀਡ ਪਲਾਂਟ ਦੇ ਜਨਰਲ ਮੈਨੇਜਰ ਰਾਜ ਸ਼ੇਰ ਸਿੰਘ ਛੀਨਾ, ਨਾਇਬ ਤਹਿਸੀਲਦਾਰ ਰਜਨੀਸ਼ ਗੋਇਲ, ਮਾਰਕਫੈੱਡ ਦੇ ਮੈਨੇਜਰ ਸਚਿਨ ਗਰਗ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।