ਮਕਾਨ ਦੀ ਛੱਤ ਡਿੱਗਣ ਨਾਲ ਨੌਜਵਾਨ ਦੀ ਮੌਤ

ਚੋਗਾਵਾਂ/ਅੰਮ੍ਰਿਤਸਰ, 8 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਬੀਤੇ ਦਿਨਾਂ ਤੋਂ ਪੈ ਰਹੀ ਬਰਸਾਤ ਇਕ ਗਰੀਬ ਪਰਿਵਾਰ ਉਤੇ ਉਸ ਵੇਲੇ ਕਹਿਰ ਬਣੀ, ਜਦੋਂ ਪਿੰਡ ਭੀਲੋਵਾਲ ਪੱਕਾ ਦੇ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਪਿੰਡ ਭੀਲੋਵਾਲ ਪੱਕਾ ਨੇ ਦੱਸਿਆ ਕਿ ਉਸਦਾ ਭਰਾ ਤੀਰਥ ਸਿੰਘ (25) ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਗੁਆਂਢੀ ਹਰਪਾਲ ਸਿੰਘ ਦੇ ਘਰ ਸੋਨੂ ਨੂੰ ਆਵਾਜ਼ ਮਾਰਨ ਗਿਆ। ਸੋਨੂ ਤੇ ਤੀਰਥ ਕਮਰੇ ਵਿਚ ਬੈਠ ਕੇ ਚਾਹ ਪੀਣ ਲੱਗੇ ਤਾਂ ਅਚਾਨਕ ਕਮਰੇ ਦਾ ਲੈਂਟਰ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ, ਸੋਨੂ ਭੱਜ ਕੇ ਕਮਰੇ ਤੋਂ ਬਾਹਰ ਆ ਗਿਆ ਪਰ ਤੀਰਥ ਸਿੰਘ ਲੈਂਟਰ ਹੇਠਾਂ ਦੱਬਿਆ ਗਿਆ। ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਤੀਰਥ ਸਿੰਘ ਵਿਆਹਿਆ ਹੋਇਆ ਸੀ। ਉਸ ਦੀਆਂ ਦੋ ਮਾਸੂਮ ਬੇਟੀਆਂ ਇਕ 20 ਦਿਨਾਂ ਦੀ ਤੇ ਇਕ ਢਾਈ ਸਾਲ ਦੀ ਹੈ। ਉਸ ਦੇ ਪਿਤਾ ਦੀ ਵੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ਵਿਚ ਉਹ ਕਮਾਉਣ ਵਾਲਾ ਸੀ। ਪਰਿਵਾਰ ਉਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਇਸ ਮੌਕੇ ਪਿੰਡ ਦੇ ਮੋਹਤਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।