ਅਣਪਛਾਤੀ ਕਾਰ ਨੇ ਮੋਟਰਸਾਈਕਲ ਚਾਲਕ ਨੂੰ ਮਾਰੀ ਟੱਕਰ, ਮੌਤ

ਜੈਂਤੀਪੁਰ, 8 ਸਤੰਬਰ (ਭੁਪਿੰਦਰ ਸਿੰਘ ਗਿੱਲ)-ਕਸਬੇ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਝੰਡੇ ਦੇ ਜੀਓ ਪੈਟਰੋਲ ਪੰਪ ਨੇੜੇ ਇਕ ਅਣਪਛਾਤੀ ਕਾਰ ਵਲੋਂ ਮੋਟਰਸਾਈਕਲ ਚਾਲਕ ਨੂੰ ਮਾਰੀ ਟੱਕਰ ਵਿਚ ਮੋਟਰਸਾਈਕਲ ਚਾਲਕ ਦੀ ਮੌਕੇ ਉਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀ ਸਾਰਚੂਰ ਜੋ ਕਿ ਪਿੰਡ ਸੋਹੀਆ ਫਤਿਹਗੜ੍ਹ ਚੂੜੀਆਂ ਰੋਡ ਉਤੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਸੀ, ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਉਤੇ ਜਾ ਰਿਹਾ ਸੀ ਜਦੋਂ ਉਹ ਪਿੰਡ ਝੰਡੇ ਦੇ ਕੋਲ ਪੁੱਜਾ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਤੇ ਕਾਰ ਭਜਾ ਕੇ ਫਰਾਰ ਹੋ ਗਏ। ਘਟਨਾ ਸਥਾਨ ਉਤੇ ਪਹੁੰਚੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਥਾਣਾ ਕੱਥੂਨੰਗਲ ਵਿਖੇ ਵਾਰ-ਵਾਰ ਫੋਨ ਕਰਨ ਉਤੇ ਪੁਲਿਸ ਪ੍ਰਸ਼ਾਸਨ ਵਲੋਂ ਦੋ ਘੰਟੇ ਤੱਕ ਨਾ ਪੁੱਜਣ ਉਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਪੁਲਿਸ ਥਾਣਾ ਕੱਥੂਨੰਗਲ ਦੇ ਮੁਲਾਜ਼ਮਾਂ ਵਲੋਂ ਘਟਨਾ ਸਥਾਨ ਉਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਸੜਕੀ ਆਵਾਜਾਈ ਨੂੰ ਬਹਾਲ ਕਰਵਾਇਆ।