ਆਰਜ਼ੀ ਬੰਨ੍ਹ ਨੂੰ ਲਗਾਈ ਜਾ ਰਹੀ ਢਾਹ ਕਾਰਨ ਬੰਨ੍ਹ ਦਾ ਵੱਡਾ ਹਿੱਸਾ ਦਰਿਆ ਬਿਆਸ ਦੀ ਭੇਟ ਚੜ੍ਹਿਆ

ਕਪੂਰਥਲਾ, 8 ਸਤੰਬਰ (ਅਮਰਜੀਤ ਕੋਮਲ)-ਸ੍ਰੀ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਮੰਡ ਖਿਜਰਪੁਰ ਤੱਕ ਇਲਾਕੇ ਦੇ ਲੋਕਾਂ ਵਲੋਂ ਆਪਣੀਆਂ ਹਰੀਆਂ-ਭਰੀਆਂ ਫ਼ਸਲਾਂ ਬਚਾਉਣ ਲਈ ਲਗਾਏ ਗਏ 9 ਕਿੱਲੋਮੀਟਰ ਲੰਬੇ ਬੰਨ੍ਹ ਨੂੰ ਦਰਿਆ ਬਿਆਸ ਵਲੋਂ 2 ਥਾਵਾਂ ਤੋਂ ਨਿਰੰਤਰ ਢਾਹ ਲਗਾਈ ਜਾ ਰਹੀ ਹੈ ਤੇ ਇਸ ਬੰਨ੍ਹ ਦਾ ਵੱਡਾ ਹਿੱਸਾ ਦਰਿਆ ਦੀ ਭੇਟ ਚੜ੍ਹ ਚੁੱਕਾ ਹੈ ਪਰ ਇਲਾਕੇ ਦੇ ਲੋਕਾਂ ਨੇ ਅਜੇ ਆਸ ਨਹੀਂ ਛੱਡੀ ਤੇ ਦਰਿਆ ਬੁਰਦ ਹੋ ਚੁੱਕੇ ਬੰਨ੍ਹ ਦੇ ਪਿਛਲੇ ਪਾਸੇ ਪੋਕ ਲੇਨ ਮਸ਼ੀਨਾਂ ਦੀ ਮਦਦ ਨਾਲ ਰਿੰਗ ਬੰਨ੍ਹ ਬਣਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਬੰਨ੍ਹ ਦੇ ਇਕ ਹੋਰ ਹਿੱਸੇ ਵਿਚ 10 ਫੁੱਟ ਤੋਂ ਵੱਧ ਢਾਹ ਲੱਗੀ ਹੋਈ ਹੈ। ਦਰਿਆ ਬਿਆਸ ਵਲੋਂ ਵਹਿਣ ਬਦਲਣ ਕਾਰਨ ਆਰਜ਼ੀ ਬੰਨ੍ਹ ਦੇ ਨਾਲ ਪਾਣੀ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ, ਜੋ ਬੰਨ੍ਹ ਨੂੰ ਲਗਾਤਾਰ ਖੋਰਾ ਲਾ ਰਿਹਾ ਹੈ।
ਅੱਜ ਬੰਨ੍ਹ ਨੂੰ ਬਚਾਉਣ ਲਈ 400 ਦੇ ਕਰੀਬ ਸੰਗਤਾਂ, ਜਿਨ੍ਹਾਂ ਵਿਚ ਬਾਬਾ ਜੈ ਸਿੰਘ ਮਹਿਮਦਵਾਲ ਵਾਲਿਆਂ ਦੀ ਅਗਵਾਈ ਵਿਚ 250 ਦੇ ਕਰੀਬ ਸੰਗਤਾਂ, ਬਾਬਾ ਸੁੱਖਾ ਸਿੰਘ ਸਰਹਾਲੀ ਵਾਲਿਆਂ ਤੇ ਬਾਬਾ ਖੜਗ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਵਾਲਿਆਂ ਦੇ ਸੇਵਾਦਾਰਾਂ ਤੋਂ ਇਲਾਵਾ ਇਲਾਕੇ ਦੇ ਕਿਸਾਨ ਨਿਰੰਤਰ ਬੰਨ੍ਹ ਬਚਾਉਣ ਵਿਚ ਲੱਗੇ ਹੋਏ ਹਨ। ਬੰਨ੍ਹ ਬਚਾਉਣ ਦੇ ਕਾਰਜ ਵਿਚ ਲੱਗੇ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਢਾਹ ਵਾਲੀ ਥਾਂ ਦੇ ਸਾਹਮਣੇ ਇਕ ਕਿਸਾਨ ਕੋਲੋਂ 16 ਲੱਖ ਰੁਪਏ ਵਿਚ ਇਕ ਏਕੜ ਜ਼ਮੀਨ ਲੈ ਕੇ ਉਸ ਥਾਂ 'ਤੇ ਰਿੰਗ ਬੰਨ੍ਹ ਬਣਾਇਆ ਹੈ ਤੇ ਅੱਜ ਰਿੰਗ ਬੰਨ੍ਹ ਨੂੰ ਹੋਰ ਚੌੜਾ ਕਰਨ ਵਿਚ ਮਸ਼ੀਨਾਂ ਸਵੇਰ ਤੋਂ ਹੀ ਲੱਗੀਆਂ ਰਹੀਆਂ ਹਨ ਤੇ ਵੱਖ-ਵੱਖ ਖੇਤਰਾਂ ਤੋਂ ਆਈਆਂ ਸੰਗਤਾਂ ਨੇ ਮਿੱਟੀ ਦੇ ਬੋਰਿਆਂ ਦੇ ਕਰੇਟ ਭਰ ਕੇ ਬੰਨ੍ਹ ਨੂੰ ਬਚਾਉਣ ਲਈ ਸ਼ਾਮ 7 ਵਜੇ ਤੱਕ ਕਾਰਜਸ਼ੀਲ ਰਹੇ। ਸੰਗਤਾਂ ਨੇ ਢਾਹ ਵਾਲੀ ਥਾਂ 'ਤੇ ਵੱਖ-ਵੱਖ ਥਾਵਾਂ ਤੋਂ ਕੱਟ ਕੇ ਲਿਆਂਦੇ ਰੁੱਖ ਵੀ ਸੁੱਟੇ ਪਰ ਦਰਿਆ ਬਿਆਸ ਲਗਾਤਾਰ ਬੰਨ੍ਹ ਨੂੰ ਢਾਹੁਣ ਦੀ ਤਾਕ ਵਿਚ ਹੈ। ਸੁਲਤਾਨਪੁਰ ਲੋਧੀ ਹਲਕੇ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅੱਜ ਸਵੇਰ ਤੋਂ ਹੀ, ਜਦਕਿ ਕਪੂਰਥਲਾ ਹਲਕੇ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੁਪਹਿਰ ਬਾਅਦ ਆਰਜ਼ੀ ਬੰਨ੍ਹ ਵਾਲੀ ਥਾਂ 'ਤੇ ਪੁੱਜੇ ਤੇ ਸ਼ਾਮ 6 ਵਜੇ ਤੱਕ ਬੰਨ੍ਹ ਵਾਲੀ ਥਾਂ 'ਤੇ ਮੌਜੂਦ ਰਹੇ। ਉਨ੍ਹਾਂ ਬੰਨ੍ਹ ਨੂੰ ਬਚਾਉਣ ਲਈ ਇਲਾਕੇ ਦੇ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ 1 ਮਹੀਨੇ ਤੋਂ ਬੰਨ੍ਹ ਬਚਾਉਣ ਦੀ ਜੱਦੋ-ਜਹਿਦ ਵਿਚ ਜੁਟੇ ਲੋਕਾਂ ਨੂੰ ਲੰਗਰ ਪਹੁੰਚਾਇਆ ਜਾ ਰਿਹਾ ਹੈ।